ਆਸਟਰੇਲੀਆ ਨਾਲ ਤਿੰਨ ਮੈਚਾਂ ਦੀ ਸੀਰੀਜ਼ ਦੇ ਤੀਜੇ ਦੇ ਆਖਰੀ ਟੀ-20 ਮੈਚ ‘ਚ ਇੰਡੀਆ 6 ਵਿਕਟਾਂ ਨਾਲ ਜੇਤੂ ਰਿਹਾ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਇੰਡੀਆ ਨੇ ਟਾਸ ਜਿੱਤ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਇੰਡੀਆ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਜਿਸ ਦੇ ਜਵਾਬ ‘ਚ ਖੇਡਣ ਉੱਤਰੀ ਭਾਰਤੀ ਟੀਮ ਨੇ 4 ਵਿਕਟਾਂ ਗੁਆ ਕੇ 19.5 ਓਵਰਾਂ ‘ਚ 187 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਦੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਆਰੋਨ ਫਿੰਚ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਅਕਸ਼ਰ ਵਲੋਂ ਆਊਟ ਹੋ ਗਿਆ। ਆਸਟਰੇਲੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਓਪਨਰ ਕੈਮਰਨ ਗ੍ਰੀਨ 52 ਦੌੜਾਂ ਦੇ ਨਿੱਜੀ ਸਕੋਰ ‘ਤੇ ਭੁਵਨੇਸ਼ਵਰ ਦਾ ਸ਼ਿਕਾਰ ਬਣ ਆਊਟ ਹੋਇਆ ਤੇ ਪਵੇਲੀਅਨ ਪਰਤ ਗਿਆ। ਕੈਮਰਨ ਨੇ ਆਪਣੀ 52 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦੌਰਾਨ 7 ਚੌਕੇ ਤੇ 3 ਛੱਕੇ ਲਾਏ। ਇਸ ਤੋਂ ਬਾਅਦ ਆਸਟਰੇਲੀਆ ਦੇ ਗਲੇਨ ਮੈਕਸਵੇਲ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਅਕਸ਼ਰ ਪਟੇਲ ਵਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸਟੀਵ ਸਮਿਥ ਵੀ ਸਸਤੇ ‘ਚ 9 ਦੌੜਾਂ ਬਣਾ ਚਾਹਲ ਵਲੋਂ ਆਊਟ ਹੋ ਗਏ। ਆਸਟਰੇਲੀਆ ਦੇ ਜੋਸ਼ ਇੰਗਲਿਸ 24 ਦੌੜਾਂ ਬਣਾ ਅਕਸ਼ਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਆਏ ਮੈਥਿਊ ਵੇਡ 1 ਦੌੜ ਦੇ ਨਿੱਜੀ ਸਕੋਰ ‘ਤੇ ਅਕਸ਼ਰ ਪਟੇਲ ਦਾ ਸ਼ਿਕਾਰ ਬਣ ਆਊਟ ਹੋਏ। ਟਿਮ ਡੇਵਿਡ 54 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਏ। ਡੈਨੀਅਲ ਸੈਮਸ ਤੇ ਪੈਟ ਕਮਿੰਸ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 28 ਤੇ 0 ਦੌੜਾਂ ਬਣਾਈਆਂ ਇੰਡੀਆ ਵਲੋਂ ਭੁਵਨੇਸ਼ਵਰ ਕੁਮਾਰ ਨੇ 1, ਅਕਸ਼ਰ ਪਟੇਲ ਨੇ 3, ਯੁਜਵੇਂਦਰ ਚਾਹਲ ਨੇ 1 ਤੇ ਹਰਸ਼ਲ ਪਟੇਲ ਨੇ 1 ਵਿਕਟ ਲਏ।