ਇੰਡੀਆ ‘ਚ ਤਿਉਹਾਰਾਂ ਦਾ ਮੌਸਮ ਹੈ ਅਤੇ ਦੀਵਾਲੀ ਇਨ੍ਹਾਂ ‘ਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਪਰ ਇਸੇ ਦੌਰਾਨ ਕਰੋਨਾ ਮਹਾਮਾਰੀ ਇਕ ਵਾਰ ਫਿਰ ਖ਼ਤਰਾ ਬਣ ਕੇ ਮੰਡਰਾ ਰਹੀ ਹੈ। ਕਰੋਨਾ ਇਨਫੈਕਸ਼ਨ ਦੇ ਨਵੇਂ ਰੂਪ ਨੇ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਹ ਨਵਾਂ ਵੇਰੀਐਂਟ ਉਦੋਂ ਦੇਖਣ ਨੂੰ ਮਿਲਿਆ ਜਦੋਂ ਦੇਸ਼ ‘ਚ ਦੀਵਾਲੀ ਤੇ ਤਿਉਹਾਰਾਂ ਦਾ ਸੀਜ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਅਜਿਹੀ ਸਥਿਤੀ ‘ਚ ਕੋਵਿਡ ਨਿਯਮਾਂ ਦੇ ਪ੍ਰੋਟੋਕੋਲ ਦਾ ਸਹੀ ਢੰਗ ਨਾਲ ਪਾਲਣ ਨਹੀਂ ਹੋ ਸਕਦਾ। ਅਕਤੂਬਰ ‘ਚ ਆਉਣ ਵਾਲੇ ਦੂਜੇ ਹਫ਼ਤੇ ‘ਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ਜਾਰੀ ਕਰਦਿਆਂ ਬੀ.ਐੱਮ.ਸੀ. ਨੇ ਕਿਹਾ ਕਿ ਤਿਉਹਾਰਾਂ ਅਤੇ ਵੱਡੇ ਸਮਾਗਮਾਂ ਦੌਰਾਨ ਭੀੜ ਇਕੱਠੀ ਹੋਣ ਕਾਰਨ ਕੋਵਿਡ-19 ਦੀ ਲਾਗ ਫੈਲ ਸਕਦੀ ਹੈ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਕਰਨਾ ਠੀਕ ਨਹੀਂ ਹੈ। ਕਾਰਜਕਾਰੀ ਸਿਹਤ ਅਧਿਕਾਰੀ ਨੇ ਕੋਵਿਡ-19 ਦੇ ਮਾਮਲਿਆਂ ਨੂੰ ਰੋਕਣ ਲਈ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੋਵਿਡ ਤੋਂ ਬਚਾਅ ਦੇ ਸਾਰੇ ਨਿਯਮਾਂ ਦਾ ਧਿਆਨ ਰੱਖੋ। ਜੇਕਰ ਤੁਹਾਨੂੰ ਕੋਰੋਨਾ ਵੈਕਸੀਨ ਨਹੀਂ ਲੱਗੀ ਤਾਂ ਬਿਨਾਂ ਦੇਰੀ ਕੀਤੇ ਵੈਕਸੀਨ ਲਗਵਾਓ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਜੇਕਰ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੈ। ਇਸ ਦੇ ਲਈ ਬੂਸਟਰ ਡੋਜ਼ ਲੈਣ ਦੀ ਵੀ ਸਲਾਹ ਦਿੱਤੀ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਕਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਨਵੇਂ ਸਬ-ਵੇਰੀਐਂਟ ਨੇ ਵੀ ਦਸਤਕ ਦੇ ਦਿੱਤੀ ਹੈ ਅਤੇ ਓਮੀਕਰੋਨ ਦੇ ਸਬ-ਵੇਰੀਐਂਟ ਦਾ ਨਾਂ ਬੀ.ਏ 5.1.7 ਹੈ।