ਤਾਇਵਾਨ ਤੇ ਚੀਨ ਵਿਚਕਾਰ ਤਣਾਅ ਬਰਕਰਾਰ ਹੈ। ਇਸ ਦੌਰਾਨ ਮੰਗਲਵਾਰ ਨੂੰ ਚੀਨ ਨੇ ਤਾਇਵਾਨ ਦੁਆਲੇ ਆਪਣੀਆਂ ਫੌਜੀ ਮਸ਼ਕਾਂ ਜਾਰੀ ਰੱਖੀਆਂ। ਅਮਰੀਕਮ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੇ ਕਿਹਾ ਕਿ ਉਹ ਤਾਇਵਾਨ ਟਾਪੂ ਨੇੜਲੇ ਪਾਣੀਆਂ ‘ਚ ਆਪਣੀਆਂ ਮਸ਼ਕਾਂ ਜਾਰੀ ਰੱਖੇਗਾ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਪੂਰਬੀ ਥੀਏਟਰ ਕਮਾਂਡ ਨੇ ਤਾਇਵਾਨ ਨੇੜੇ 4 ਤੋਂ 7 ਅਗਸਤ ਤੱਕ ਮਸ਼ਕਾਂ ਕੀਤੀਆਂ ਸਨ। ਪੀ.ਐੱਲ.ਏ. ਵੱਲੋਂ ਮਸ਼ਕਾਂ ਦੇ ਤਾਜ਼ਾ ਐਲਾਨ ‘ਚ ਸਥਾਨ ਅਤੇ ਉਨ੍ਹਾਂ ਦੀ ਸਮਾਪਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਪੀ.ਐੱਲ.ਏ. ਕਮਾਂਡ ਨੇ ਦੇਰ ਰਾਤ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੇ ਐਤਵਾਰ ਨੂੰ ਵੀ ਤਾਇਵਾਨ ਟਾਪੂ ਦੇ ਕਰੀਬ ਪਾਣੀਆਂ ਅਤੇ ਹਵਾ ‘ਚ ਮਸ਼ਕਾਂ ਕੀਤੀਆਂ। ਚੀਨ ਦੀ ਫੌਜ ਨੇ ਜ਼ਮੀਨੀ ਅਤੇ ਲੰਬੀ ਦੂਰੀ ਦੇ ਹਵਾਈ ਨਿਸ਼ਾਨਿਆਂ ਨੂੰ ਫੁੰਡਣ ਦਾ ਸਾਂਝਾ ਅਭਿਆਸ ਕੀਤਾ। ਹਵਾਈ ਸੈਨਾ ਨੇ ਕਈ ਤਰ੍ਹਾਂ ਦੇ ਜੈੱਟ ਤਾਇਨਾਤ ਕੀਤੇ ਹਨ ਜਿਨ੍ਹਾਂ ਨੂੰ ਜਲ ਸੈਨਾ ਅਤੇ ਹਵਾਈ ਪ੍ਰਣਾਲੀਆਂ ਦੀ ਹਮਾਇਤ ਪ੍ਰਾਪਤ ਹੈ। ਇਸੇ ਦੌਰਾਨ ਰਣਨੀਤਕ ਤੌਰ ‘ਤੇ ਅਹਿਮ ਹੰਬਨਟੋਟਾ ਬੰਦਰਗਾਹ ‘ਤੇ ਚੀਨ ਦੇ ਹਾਈਟੈੱਕ ਖੋਜੀ ਬੇੜੇ ‘ਯੁਆਨ ਵਾਂਗ 5’ ਦੀ ਆਮਦ ਦੀ ਯੋਜਨਾ ਨੂੰ ਟਾਲੇ ਜਾਣ ਦੀ ਸ੍ਰੀਲੰਕਾ ਦੀ ਅਪੀਲ ਤੋਂ ਔਖੋ ਹੋਏ ਚੀਨ ਨੇ ਇੰਡੀਆ ‘ਤੇ ਤਨਜ਼ ਕਸਦਿਆਂ ਕਿਹਾ ਕਿ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦੇ ਕੇ ਕੋਲੰਬੋ ‘ਤੇ ਦਬਾਅ ਪਾਉਣਾ ਅਰਥਹੀਣ ਹੈ। ਚੀਨ ਦੀਆਂ ਇਹ ਫੌਜੀ ਮਸ਼ਕਾਂ ਸੋਮਵਾਰ ਤੇ ਫਿਰ ਅੱਜ ਵੀ ਜਾਰੀ ਰਹੀਆਂ।