ਆਮ ਆਦਮੀ ਪਾਰਟੀ ਦਾ ਵਿਵਾਦਾਂ ਨਾਲ ਪੱਕਾ ਨਾਤਾ ਜੁੜਦਾ ਜਾ ਰਿਹਾ ਹੈ ਅਤੇ ਸਰਕਾਰ ਬਣਨ ਦੇ ਛੇ ਮਹੀਨੇ ਦੇ ਸਮੇਂ ਦਰਮਿਆਨ ਕਈ ਛੋਟੇ-ਵੱਡੇ ਵਿਵਾਦ ਇਸ ਪਾਰਟੀ ਤੇ ਸਰਕਾਰ ਨਾਲ ਜੁੜ ਗਏ ਹਨ। ਤਾਜ਼ਾ ਤੇ ਵੱਡਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਲੰਧਰ ‘ਚ ਬੀਤੀ ਰਾਤ ਇਕ ਮਸਲੇ ਸਮੇਂ ਲੋਕਾਂ ਦਾ ਇਕੱਠ ਸੀ ਜਦੋਂ ਡੀ.ਸੀ.ਪੀ. ਨਰੇਸ਼ ਡੋਗਰਾ ਅਤੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ‘ਹੱਥੋਪਾਈ’ ਹੋ ਗਏ। ਸੋਸ਼ਲ ਮੀਡੀਆ ‘ਤੇ ਪੁਲੀਸ ਅਧਿਕਾਰੀ ਵੱਲੋਂ ਵਿਧਾਇਕ ‘ਤੇ ਕਥਿਤ ਹੱਥ ਚੁੱਕਣ ਦੀਆਂ ਵੀ ਖ਼ਬਰਾਂ ਫੈਲੀਆਂ ਹੋਈਆਂ ਹਨ ਜਿਨ੍ਹਾਂ ਦੀ ਪੁਸ਼ਟੀ ਕਿਸੇ ਨੇ ਹਾਲੇ ਨਹੀਂ ਕੀਤੀ ਹੈ। ਦੋਹਾਂ ਵਿਚਾਲੇ ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ‘ਚ ਹਿੰਦੀ ਦੇ ਰੋਜ਼ਾਨਾ ਦੈਨਿਕ ਸਵੇਰਾ ਦੀ ਬਿਲਡਿੰਗ ‘ਸਵੇਰਾ ਭਵਨ’ ਵਿੱਚ ਹੋਈ। ਡੀ.ਸੀ.ਪੀ. ਅਤੇ ਵਿਧਾਇਕ ਰਾਜ਼ੀਨਾਮਾ ਕਰਨ ਲਈ ਇਕੱਠੇ ਹੋਏ ਸਨ। ਇਹ ਮਾਮਲਾ ਉਜਾਗਰ ਹੋਣ ‘ਤੇ ਸਰਕਾਰ ਦੇ ਦਬਾਅ ਹੇਠ ਪੁਲੀਸ ਨੂੰ ਆਪਣੇ ਹੀ ਡੀ.ਸੀ.ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸ.ਸੀ./ਐੱਸ.ਟੀ. ਐਕਟ ਦੇ ਤਹਿਤ ਕੇਸ ਦਰਜ ਕਰਨਾ ਪਿਆ ਹੈ। ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ. ਸ਼ਾਸਤਰੀ ਮਾਰਕੀਟ ਨੇੜੇ ਇਕ ਪ੍ਰਾਪਰਟੀ ਵਿਵਾਦ ‘ਚ ਪਹੁੰਚੇ ਸਨ। ਇਸ ਦੌਰਾਨ ਦੂਜੀ ਧਿਰ ਤੋਂ ‘ਆਪ’ ਵਿਧਾਇਕ ਵੀ ਪਹੁੰਚ ਗਏ। ਪਹਿਲਾਂ ਤਾਂ ਡੀ.ਸੀ.ਪੀ. ਅਤੇ ਵਿਧਾਇਕ ‘ਚ ਬਹਿਸਬਾਜ਼ੀ ਹੋਈ ਪਰ ਬਾਅਦ ‘ਚ ਗੱਲ ਹੱਥੋਪਾਈ ਤੱਕ ਜਾ ਪਹੁੰਚੀ। ਡੀ.ਸੀ.ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ ਜਿਸ ਦਾ ਵਿਰੋਧ ਕਰਨ ‘ਤੇ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਇਕ ਧਿਰ ਦੇ ਚਾਰ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਇਸ ਵਿਵਾਦ ‘ਚ ਜ਼ਖ਼ਮੀ ਹੋਏ ਹਨ ਜਿਸ ‘ਚ ਰਾਹੁਲ, ਸੰਨੀ ਦੋਵੇਂ ਵਾਸੀ ਬਸਤੀ ਸ਼ੇਖ, ਦੀਪਕ ਵਾਸੀ ਗਰੀਨ ਐਵੇਨਿਊ ਸ਼ਾਮਲ ਸਨ। ਸਿਵਲ ਹਸਪਤਾਲ ‘ਚ ਇਲਾਜ ਨਾ ਹੋਣ ਦੇ ਦੋਸ਼ ਲਾ ਕੇ ਉਕਤ ਧਿਰ ਨੇ ਤੋੜ-ਭੰਨ ਕੀਤੀ ਤੇ ਹੰਗਾਮਾ ਵੀ ਕੀਤਾ। ਸਿਵਲ ਹਸਪਤਾਲ ‘ਚ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੇ ਮੁਖੀ ਕਮਲਜੀਤ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਦੇਰ ਰਾਤ ਦੋ ਵਜੇ ਤੱਕ ਏ.ਡੀ.ਸੀ.ਪੀ. ਟਰੈਫਿਕ ਤੇ ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ ਚਾਹਲ, ਏ.ਸੀ.ਪੀ. ਨਾਰਥ ਮੋਹਿਤ ਸਿੰਗਲਾ, ਏ.ਸੀ.ਪੀ. ਪ੍ਰੀਤ ਕੰਵਲਜੀਤ ਸਿੰਘ ਸਮੇਤ ਥਾਣੇਦਾਰ ਤੇ ਹੋਰ ਪੁਲੀਸ ਅਧਿਕਾਰੀ ਸਿਵਲ ਹਸਪਤਾਲ ਪਹੁੰਚੇ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਰਮਨ ਅਰੋੜਾ ਨੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਦਕਿ ਡੀ.ਸੀ.ਪੀ. ਨੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਤੱਕ। ਇਨ੍ਹਾਂ ਦੋਹਾਂ ਦਾ ਪੱਖ ਜਾਣਨ ਲਈ ਜਦੋਂ ਫੋਨ ਕੀਤੇ ਗਏ ਤਾਂ ਦੋਹਾਂ ਨੇ ਫੋਨ ਨਹੀਂ ਚੁੱਕੇ। ਡੀ.ਸੀ.ਪੀ. ਡੋਗਰਾ ਖ਼ਿਲਾਫ਼ ਹੁਸ਼ਿਆਪੁਰ ਦੀ ਅਦਾਲਤ ‘ਚ ਵੀ ਇਕ ਕੇਸ ਚੱਲਦਾ ਹੋਣ ਦੀ ਖ਼ਬਰ ਹੈ।