ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਦੇ ਬੰਧਨ ’ਚ ਬੱਝ ਗਏ ਹਨ। 32 ਸਾਲਾ ਡਾ. ਗੁਰਪ੍ਰੀਤ ਕੌਰ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਬਣੀ ਹੈ ਅਤੇ ਦੋਹਾਂ ਨੇ ਅੱਜ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਆਨੰਦ ਕਾਰਜ ਹੋ ਗਏ ਅਤੇ ਇਸ ਨਾਲ ਹੀ ਡਾਕਟਰ ਗੁਰਪ੍ਰੀਤ ਕੌਰ ਭਗਵੰਤ ਮਾਨ ਦੇ ਪਤਨੀ ਬਣ ਗਏ। ਵਿਆਹ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਡ਼ੇ ਦੇ ਪਿਤਾ ਤੇ ਵੱਡੇ ਭਰਾ ਦੀ ਰਸਮ ਅਦਾ ਕੀਤੀ। ਵਿਆਹ ’ਚ ਦੋਹਾਂ ਦੇ ਪਰਿਵਾਰ ਤੋਂ ਇਲਾਵਾ ਸੀਮਤ ਗਿਣਤੀ ’ਚ ਮਹਿਮਾਨ ਸ਼ਾਮਲ ਸਨ। ਰਾਜ ਸਭਾ ਮੈਂਬਰ ਰਾਘਵ ਚੱਢਾ ਵਿਆਹ ਦੇ ਪ੍ਰਬੰਧਾਂ ਨੂੰ ਸੰਭਾਲ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਅਤੇ ਪ੍ਰੀਤੀ ਭੋਜ ਤੋਂ ਬਾਅਦ ਮਹਿਮਾਨ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਵਾਪਸ ਪਰਤੇ। ਨਵ-ਵਿਆਹੇ ਜੋਡ਼ੇ ਨੂੰ ਪਰਿਵਾਰ ਦੇ ਬਜ਼ੁਰਗਾਂ, ਭਗਵੰਤ ਮਾਨ ਦੀ ਮਾਤਾ ਅਤੇ ਡਾ. ਗੁਰਪ੍ਰੀਤ ਕੌਰ ਦੇ ਮਾਤਾ-ਪਿਤਾ ਨੇ ਆਸ਼ੀਰਵਾਦ ਦਿੱਤਾ। ਵਿਆਹ ਮੌਕੇ ਸੀ.ਐੱਮ. ਹਾਊਸ ਦੇ ਬਾਹਰ ਮੌਜੂਦ ਪੁਲੀਸ ਮੁਲਾਜ਼ਮਾਂ, ਮੀਡੀਆ ਕਰਮੀਆਂ ਅਤੇ ਹੋਰਾਂ ਨੂੰ ਮਠਿਆਈ ਦੇ ਕੇ ਮੂੰਹ ਮਿੱਠਾ ਕਰਵਾਇਆ ਗਿਆ। ਭਗਵੰਤ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ ਤਾਂ ਰਾਘਵ ਚੱਢਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਆਹ ਲਈ ਲਾਡ਼ੇ ਨੂੰ ਲਿਜਾਣ ਦੀ ਰਸਮ ’ਚ ਸ਼ਿਰਕਤ ਕੀਤੀ। ਫੁਲਕਾਰੀ ਹੇਠਾਂ ਤੁਰਦੇ ‘ਲਾਡ਼ੇ’ ਉੱਪਰ ਇਹ ਫੁਲਕਾਰੀ ਫਡ਼ਨ ਵਾਲਿਆਂ ’ਚ ਰਾਘਵ ਚੱਢਾ ਵੀ ਸਨ। ਵਿਆਹ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਦੀਆਂ ਰਸਮਾਂ ਨਿਭਾਈਆਂ ਗਈਆਂ ਜਦਕਿ ਮੁੱਖ ਮੰਤਰੀ ਦਾ ਭਾਣਜਾ ਉਨ੍ਹਾਂ ਦਾ ਸਰਬਾਲਾ ਬਣਿਆ।