ਇੰਗਲੈਂਡ ਦੇ ਡੇਵਿਡ ਮਲਾਨ ਦੀ 39 ਗੇਂਦਾਂ ’ਚ 77 ਦੌਡ਼ਾਂ ਦੀ ਅਰਧ ਸੈਂਕਡ਼ੇ ਵਾਲੀ ਪਾਰੀ ਤੋਂ ਬਾਅਦ ਕਸੀ ਹੋਈ ਗੇਂਦਬਾਜ਼ੀ ਨਾਲ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ’ਚ ਇੰਡੀਆ ਨੂੰ 17 ਦੌਡ਼ਾਂ ਨਾਲ ਹਰਾ ਕੇ ਵੱਕਾਰ ਭਰੀ ਜਿੱਤ ਦਰਜ ਕੀਤੀ। ਇੰਡੀਆ ਨੇ ਪਹਿਲੇ ਦੋ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲਡ਼ੀ 2-1 ਨਾਲ ਆਪਣੇ ਨਾਂ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਨੇ ਮਲਾਨ (6 ਚੌਕੇ, 5 ਛੱਕੇ) ਤੇ ਲਿਵਿੰਗਸਟੋਨ (29 ਗੇਂਦਾਂ ’ਤੇ ਅਜੇਤੂ 42 ਦੌਡ਼ਾਂ) ਵਿਚਾਲੇ ਚੌਥੀ ਵਿਕਟ ਲਈ 84 ਦੌਡ਼ਾਂ ਦੀ ਸਾਂਝੇਦਾਰੀ ਨਾਲ 7 ਵਿਕਟਾਂ ’ਤੇ 215 ਦੌਡ਼ਾਂ ਦਾ ਵੱਡਾ ਸਕੋਰ ਖਡ਼੍ਹਾ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂਆਤੀ ਤਿੰਨ ਵਿਕਟਾਂ ਪਾਵਰ ਪਲੇਅ ’ਚ ਗੁਆ ਦਿੱਤੀਆਂ ਸਨ ਪਰ ਸੂਰਯਕੁਮਾਰ ਯਾਦਵ (117) ਤੇ ਸ਼੍ਰੇਅਸ ਅਈਅਰ (28) ਵਿਚਾਲੇ ਚੌਥੀ ਵਿਕਟ ਲਈ 62 ਗੇਂਦਾਂ ’ਚ 119 ਦੌਡ਼ਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਇਨ੍ਹਾਂ ਝਟਕਿਆਂ ਤੋਂ ਉਭਾਰਿਆ ਪਰ ਸੂਰਯਕੁਮਾਰ ਦੀ 55 ਗੇਂਦਾਂ ’ਚ 14 ਚੌਕਿਆਂ ਤੇ 6 ਛੱਕਿਆਂ ਨਾਲ ਸਜੀ ਪਾਰੀ ਦੇ ਬਾਵਜੂਦ ਟੀਮ 20 ਓਵਰਾਂ ’ਚ 9 ਵਿਕਟਾਂ ’ਤੇ 198 ਦੌਡ਼ਾਂ ਹੀ ਬਣਾ ਸਕੀ। ਇੰਗਲੈਂਡ ਵਲੋਂ ਰੀਸ ਟਾਪਲੇ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ ’ਚ 22 ਦੌਡ਼ਾਂ ਦੇ ਕੇ 3 ਵਿਕਟਾਂ ਲਈਆਂ। ਉਸ ਤੋਂ ਇਲਾਵਾ ਡੇਵਿਡ ਵਿਲੀ ਨੇ 2 ਤੇ ਕ੍ਰਿਸ ਜੌਰਡਨ ਨੇ ਆਖਰੀ ਓਵਰਾਂ ’ਚ 2 ਵਿਕਟਾਂ ਲਈਆਂ। ਇੰਡੀਆ ਦੀ ਸ਼ੁਰੂਆਤ ਹੀ ਚੰਗੀ ਨਹੀਂ ਰਹੀ। ਟੀਮ ਨੇ ਪਾਵਰ ਪਲੇਅ ’ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (1), ਵਿਰਾਟ ਕੋਹਲੀ (11) ਤੇ ਕਪਤਾਨ ਰੋਹਿਤ ਸ਼ਰਮਾ ਦੀਆਂ ਵਿਕਟਾਂ ਗੁਆ ਦਿੱਤੀਆਂ। 6 ਓਵਰਾਂ ’ਚ ਟੀਮ ਦਾ ਸਕੋਰ 3 ਵਿਕਟਾਂ ’ਤੇ 34 ਦੌਡ਼ਾਂ ਸੀ ਪਰ ਸੂਰਯਕੁਮਾਰ ਤੇ ਅਈਅਰ ਵਿਚਾਲੇ ਸੈਂਕਡ਼ੇ ਵਾਲੀ ਸਾਂਝੇਦਾਰੀ ਨਾਲ ਟੀਮ ਨੇ 15 ਓਵਰਾਂ ’ਚ 3 ਵਿਕਟਾਂ ’ਤੇ 150 ਦੌਡ਼ਾਂ ਬਣਾ ਲਈਆਂ ਸਨ। ਟੀਮ ਨੂੰ ਲਡ਼ੀ ਵਿਚ ਕਲੀਨ ਸਵੀਪ ਕਰਨ ਲਈ 30 ਗੇਂਦਾਂ ’ਚ 66 ਦੌਡ਼ਾਂ ਦੀ ਲੋਡ਼ ਸੀ ਪਰ 16ਵੇਂ ਤੇ ਆਪਣੇ ਆਖਰੀ ਓਵਰ ’ਚ ਟਾਪਲੇ ਨੇ ਅਈਅਰ ਦੀ ਪਾਰੀ ਖ਼ਤਮ ਕਰਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਦਿਨੇਸ਼ ਕਾਰਤਿਕ ਹੁਣ ਸੂਰਯਕੁਮਾਰ ਦਾ ਸਾਥ ਦੇਣ ਪਹੁੰਚਿਆ। ਸੂਰਯਕੁਮਾਰ ਨੇ 17ਵੇਂ ਓਵਰ ’ਚ ਵਿਲੀ ’ਤੇ ਚੌਕਾ ਲਾ ਕੇ 48 ਗੇਂਦਾਂ ’ਚ 12 ਚੌਕਿਆਂ ਤੇ 5 ਛੱਕਿਆਂ ਨਾਲ ਸੈਂਕਡ਼ਾ ਪੂਰਾ ਕੀਤਾ। ਇਸ ਨਾਲ ਉਹ ਟੀ-20 ਕੌਮਾਂਤਰੀ ਕ੍ਰਿਕਟ ’ਚ ਸੈਂਕਡ਼ਾ ਲਾਉਣ ਵਾਲਾ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ। ਇਕ ਗੇਂਦ ਬਾਅਦ ਹੀ ਕਾਰਤਿਕ ਦੀ ਐੱਲ.ਬੀ.ਡਬਲਯੂ. ਆਊਟ ਦੀ ਅਪੀਲ ਕੀਤੀ ਗਈ ਤੇ ਬਟਲਰ ਨੇ ਰੀਵਿਊ ਲਿਆ, ਜਿਸ ’ਚ ਉਹ ਆਊਟ ਹੋ ਗਿਆ। ਰਵਿੰਦਰ ਜਡੇਜਾ ਨੇ ਆਉਣ ਤੋਂ ਬਾਅਦ ਤੀਜੀ ਗੇਂਦ ’ਤੇ ਗੇਂਦਬਾਜ਼ ਗਲੀਸਨ ਦੇ ਸਿਰ ਦੇ ਉਪਰ ਤੋਂ ਸ਼ਾਨਦਾਰ ਛੱਕਾ ਲਾਇਆ ਪਰ ਅਗਲੀ ਹੀ ਗੇਂਦ ’ਤੇ ਐੱਲ.ਬੀ.ਡਬਲਯੂ. ਆਊਟ ਹੋ ਗਿਆ। ਭਾਰਤੀ ਕ੍ਰਿਕਟਰ ਨੇ ਹਾਲਾਂਕਿ ਰੀਵਿਊ ਵੀ ਲਿਆ ਪਰ ਉਹ ਇਸ ਯਾਰਕਰ ਗੇਂਦ ’ਤੇ ਆਊਟ ਹੋਇਆ। ਸੂਰਯਕੁਮਾਰ 19ਵੇਂ ਓਵਰ ’ਚ ਮੋਇਨ ਅਲੀ ਦਾ ਸ਼ਿਕਾਰ ਹੋਇਆ। ਫਿਰ ਉਮੀਦ ਵੀ ਖਤਮ ਹੋ ਗਈ। ਆਖਰੀ ਓਵਰ ’ਚ ਜੌਰਡਨ ਨੇ ਹਰਸ਼ਲ ਪਟੇਲ ਤੇ ਰਵੀ ਬਿਸ਼ਨੋਈ ਦੀਆਂ ਵਿਕਟਾਂ ਲਈਆਂ। ਪਹਿਲਾਂ ਹੀ ਲਡ਼ੀ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਨੇ ਇਸ ਮੁਕਾਬਲੇ ’ਚ ਆਪਣੇ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਫਾਰਮ ’ਚ ਚੱਲ ਰਹੇ ਭੁਵਨੇਸ਼ਵਰ ਕੁਮਾਰ ਤੇ ਯੁਜਵੇਂਦਰ ਚਾਹਲ ਤੋਂ ਇਲਾਵਾ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਆਰਾਮ ਦਿੱਤਾ ਸੀ।