ਪੰਜਾਬ ’ਚ ਆਏ ਦਿਨ ਕਿਧਰੇ ਨਾ ਕਿਧਰੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾ ਰਹੇ ਹਨ ਅਤੇ ਤਾਜ਼ਾ ਮਾਮਲਾ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਦਾ ਹੈ। ਇਥੇ ਡੇਰੇ ਦੀ ਚਾਰਦੀਵਾਰੀ ਉੱਪਰ ਤਿੰਨ ਥਾਵਾਂ ’ਤੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਖਾਲਿਸਤਾਨ ਪੱਖੀ ਅਤੇ ਧਮਕੀ ਭਰੇ ਨਾਅਰੇ ਲਿਖੇ ਗਏ ਹਨ। ਇਨ੍ਹਾਂ ਨਾਅਰਿਆਂ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲੀਸ ਪ੍ਰਸ਼ਾਸਨ ਹਰਕਤ ’ਚ ਆ ਗਿਆ। ਸੂਚਨਾ ਮਿਲਦੇ ਹੀ ਐੱਸ.ਪੀ. (ਡੀ) ਬਠਿੰਡਾ ਤਰੁਣ ਰਤਨ, ਡੀ.ਐੱਸ.ਪੀ. ਫੂਲ ਆਸਵੰਤ ਸਿੰਘ ਤੇ ਐੱਸ.ਐੱਚ.ਓ. ਦਿਆਲਪੁਰਾ ਭਾਈਕਾ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਡੇਰੇ ਦੀ ਕੰਧ ’ਤੇ ਲਿਖੇ ਇਹ ਨਾਅਰੇ ਤੁਰੰਤ ਮਿਟਾ ਦਿੱਤੇ। ਜਾਣਕਾਰੀ ਅਨੁਸਾਰ ਨਾਅਰਿਆਂ ਹੇਠ ਐੱਸ.ਜੇ.ਐੱਫ. ਲਿਖਿਆ ਹੋਇਆ ਸੀ। ਇਸੇ ਦੌਰਾਨ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਰਾਹੀਂ ਡੇਰੇ ਦੀਆਂ ਦੀਵਾਰਾਂ ’ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਡੇਰਾ ਮੁਖੀ ਵੱਲੋਂ ਸੰਨ 2007 ’ਚ ਸਿੱਖ ਗੁਰੂਆਂ ਦੀ ਬਰਾਬਰੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਬਦਲਾ ਲਿਆ ਜਾਵੇਗਾ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਗੁਰਪਤਵੰਤ ਸਿੰਘ ਪੰਨੂ ਪ੍ਰਧਾਨ ਸਿੱਖ ਫਾਰ ਜਸਟਿਸ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਡੇਰੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਮਾਹੌਲ ਖ਼ਰਾਬ ਕਰਨ ਤੇ ਭਾਈਚਾਰਕ ਸਾਂਝ ਤੋਡ਼ਨ ਦੇ ਮਦਸਦ ਨਾਲ ਇਹ ਨਾਅਰੇ ਲਿਖੇ ਗਏ ਹਨ।