ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਅਤੇ ਇਸ ਸਮੇਂ ਸਾਧਵੀ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਕੈਦ ਭੁਗਤ ਰਹੇ ਗੁਰੀਮਤ ਰਾਮ ਰਹੀਮ ਨੇ ਇਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮੰਗੀ ਹੈ। ਇਸ ਲਈ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਪੱਤਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਡੇਰਾ ਮੁਖੀ ਵੱਲੋਂ ਚਾਲੀ ਦਿਨਾਂ ਦੀ ਪੈਰੋਲ ਮੰਗੀ ਗਈ ਹੈ। ਉਨ੍ਹਾਂ ਵੱਲੋਂ ਦਿੱਤੇ ਗਏ ਬੇਨਤੀ ਪੱਤਰ ਨੂੰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਡੇਰਾ ਮੁਖੀ ਦੇ ਸਿਰਸਾ ਆਉਣ ਦੇ ਸਵਾਲ ‘ਚ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ਾਸਨਿਕ ਅਧਿਕਾਰੀ ਤੈਅ ਕਰਨਗੇ ਕਿ ਉਨ੍ਹਾਂ ਨੂੰ ਪੈਰੋਲ ਮਿਲਣੀ ਹੈ ਜਾਂ ਨਹੀਂ ਤੇ ਮਿਲਣੀ ਹੈ ਤਾਂ ਉਨ੍ਹਾਂ ਨੇ ਕਿੱਥੇ ਰਹਿਣਾ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਡੇਰੇ ਵੱਲੋਂ 25 ਜਨਵਰੀ ਨੂੰ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਵੱਡੇ ਪੱਧਰ ‘ਤੇ ਮੰਨਾਇਆ ਜਾਂਦਾ ਹੈ ਜਿਸ ਦੀ ਡੇਰੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਪੈਰੋਲ ਮਿਲਣ ‘ਤੇ ਡੇਰਾ ਮੁਖੀ ਐਤਕੀਂ ਸਿਰਸਾ 25 ਜਨਵਰੀ ਨੂੰ ਹੋਣ ਵਾਲਾ ਸਮਾਗਮ ‘ਚ ਸ਼ਿਰਕਤ ਕਰ ਸਕਦੇ ਹਨ? ਅਤੇ ਇਹ ਵੀ ਸੰਭਵ ਹੈ ਕਿ ਉਹ ਪਹਿਲਾਂ ਵਾਂਗ ਕਿੱਧਰੇ ਹੋਰ ਠਹਿਰਨ ਅਤੇ ਉਥੋਂ ਹੀ ਇਸ ਸਮਾਗਮ ‘ਚ ਵੀਡੀਓ ਕਾਲ ਰਾਹੀਂ ਲਾਈਵ ਹੋ ਕੇ ਪ੍ਰੇਮੀਆਂ ਨੂੰ ਆਪਣਾ ਸੰਦੇਸ਼ ਦੇਣ।