ਜਬਰ ਜਿਨਾਹ ਅਤੇ ਕਤਲ ਮਾਮਲੇ ‘ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਗੁਰੂ ਰਵਿਦਾਸ ਅਤੇ ਸੰਤ ਕਬੀਰ ਜੀ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਜਲੰਧਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਜਲੰਧਰ ਦਿਹਾਤੀ ਪੁਲੀਸ ਨੇ ‘ਗੁਰੂ ਰਵਿਦਾਸ ਟਾਈਗਰ ਫੋਰਸ’ ਦੇ ਮੁਖੀ ਜੱਸੀ ਤੱਲ੍ਹਣ ਦੀ ਸ਼ਿਕਾਇਤ ‘ਤੇ ਪਤਾਰਾ ਥਾਣੇ ‘ਚ ਭਾਰਤੀ ਦੰਡਾਵਲੀ ਦੀ ਧਾਰਾ 295ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਡੇਰਾ ਮੁਖੀ ਨੇ ਹਾਲ ਹੀ ‘ਚ ਪੈਰੋਲ ‘ਤੇ ਰਹਿੰਦਿਆਂ 5 ਫਰਵਰੀ ਨੂੰ ਗੁਰੂ ਰਵਿਦਾਸ ਅਤੇ ਸੰਤ ਕਬੀਰ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜੋ ਕਿ ਇਕ ਯੂ-ਟਿਊਬ ਚੈਨਲ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਸਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਫ.ਆਈ.ਆਰ. 7 ਮਾਰਚ ਨੂੰ ਦਰਜ ਕੀਤੀ ਗਈ ਸੀ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।