ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ‘ਚ ਹਰਿਆਨਾ ਦੇ ਰੋਹਤਕ ‘ਚ ਸੁਨਾਰੀਆ ਜੇਲ੍ਹ ਅੰਦਰ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ 40 ਦਿਨ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਰਾਜਸਥਾਨ ਸਥਿਤ ਆਸ਼ਰਮ ‘ਚ ਲਿਜਾਇਆ ਜਾ ਸਕਦਾ ਹੈ। ਰਾਮ ਰਹੀਮ ਨੂੰ ਪਹਿਲਾਂ ਵੀ ਜੇਲ੍ਹ ਤੋਂ ਪੈਰੋਲ ਮਿਲ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅਗਸਤ 2017 ‘ਚ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ‘ਚ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਪੰਚਕੂਲਾ ‘ਚ ਹਿੰਸਾ ਭੜਕ ਗਈ ਸੀ। ਸੁਰੱਖਿਆ ਕਾਰਨਾਂ ਦੇ ਚਲਦੇ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਇਆ ਗਿਆ ਸੀ। ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ। ਇਕ ਮਹੀਨਾ ਪਹਿਲਾਂ ਉਸਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਹ ਹੁਣ ਤੱਕ ਘੱਟ-ਘੱਟ ਚਾਰ ਵਾਰ ਪੈਰੋਲ ਤੇ ਫਰਲੋ ‘ਤੇ ਜੇਲ੍ਹ ‘ਚੋਂ ਬਾਹਰ ਜਾ ਚੁੱਕਾ ਹੈ। ਇਸ ਵਾਰ ਉਸ ਦੀ ਪੈਰੋਲ ਉਦੋਂ ਹੋਈ ਹੈ ਜਦੋਂ ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਅਤੇ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ।