ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਨਾਮਜ਼ਦ ਪਰਦੀਪ ਸਿੰਘ ਨੂੰ ਕੋਟਕਪੂਰਾ ‘ਚ ਕਤਲ ਕਰਨ ਵਾਲੇ ਛੇ ਮੁਲਜ਼ਮਾਂ ‘ਚੋਂ ਤਿੰਨ ਜਣਿਆਂ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਿੰਨੋਂ ਜਣੇ ਪਟਿਆਲਾ ਨੇੜਲੇ ਪਿੰਡ ਦੁਘਾਟ ‘ਚ ਲੁਕੇ ਹੋਏ ਸਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਹ ਤਿੰਨੋਂ ਜਣੇ ਹਰਿਆਣਾ ਨਾਲ ਸਬੰਧਤ ਹਨ। ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਪਿੰਡ ਦੁਘਾਟ ‘ਚ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਪੁਲੀਸ ਭਾਵੇਂ ਇਸ ਮਾਮਲੇ ‘ਤੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਹੀ ਕਰ ਰਹੀ ਹੈ, ਪਰ ਫਿਰ ਵੀ ਹਾਸਲ ਕੀਤੇ ਵੇਰਵਿਆਂ ਮੁਤਾਬਿਕ ਦੁਘਾਟ ‘ਚੋਂ ਫੜੇ ਗਏ ਇਨ੍ਹਾਂ ਸ਼ੂਟਰਾਂ ਵਿਚੋਂ ਦੋ ਜਣਿਆਂ ਦੀ ਉਮਰ 14 ਤੋਂ 15 ਸਾਲਾਂ ਦੀ ਹੀ ਹੈ ਜਦਕਿ ਤੀਜਾ ਮੁਲਜ਼ਮ ਜਤਿੰਦਰ ਸਿੰਘ ਜੀਤੂ 25/26 ਸਾਲਾਂ ਦਾ ਹੈ। ਉਹ ਹਰਿਆਣਾ ਦੇ ਅੰਬਾਲਾ ਖੇਤਰ ‘ਚ ਵਾਪਰੀ ਦੋਹਰੇ ਕਤਲ ਦੀ ਇਕ ਘਟਨਾ ਦੇ ਕੇਸ ਕੇਸ ‘ਚ ਵੀ ਹਰਿਆਣਾ ਪੁਲੀਸ ਨੂੰ ਲੋੜੀਂਦਾ ਸੀ। ਹੋਰ ਵੇਰਵਿਆਂ ਅਨੁਸਾਰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਇੰਸਪੈਕਟਰ ਬਿਕਰਮ ਦੀ ਅਗਵਾਈ ਹੇਠ ਇਕ ਪੁਲੀਸ ਟੀਮ ਅੱਧੀ ਰਾਤ ਮਗਰੋਂ ਇਥੇ ਪੁੱਜੀ ਜੋ ਦੁਘਾਟ ਵਿਚਲੇ ਇਕ ਘਰ ‘ਚ ਲੁਕੇ ਤਿੰਨਾਂ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ। ਉਂਜ ਦਿੱਲੀ ਪੁਲੀਸ ਦੀ ਇਸ ਟੀਮ ਨੇ ਜਿੱਥੇ ਪਟਿਆਲਾ ਦੇ ਥਾਣਾ ਬਖਸ਼ੀਵਾਲਾ ਦੀ ਪੁਲੀਸ ਨੂੰ ਜਿੱਥੇ ਪਿੰਡ ਦੁਘਾਟ ਜਾਣ ਦੀ ਬਾਕਾਇਦਾ ਲਿਖਤੀ ਰੂਪ ‘ਚ ਜਾਣਕਾਰੀ ਦਿੱਤੀ, ਉਥੇ ਹੀ ਫੜੇ ਗਏ ਉਕਤ ਮੁਲਜ਼ਮਾਂ ਨੂੰ ਨਾਲ ਲਿਜਾਣ ਬਾਰੇ ਵੀ ਅਧਿਕਾਰਤ ਰੂਪ ‘ਚ ਸਥਾਨਕ ਪੁਲੀਸ ਨੂੰ ਜਾਣੂ ਕਰਵਾਇਆ। ਇਸ ਗੱਲ ਦੀ ਪਟਿਆਲਾ ਪੁਲੀਸ ਦੇ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ। ਵੇਰਵਿਆਂ ਅਨੁਸਾਰ ਮੁਲਜ਼ਮਾਂ ਦੇ ਫੜੇ ਜਾਣ ਮੌਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਤੇ ਨਾ ਹੀ ਰੌਲਾ-ਰੱਪਾ ਪਿਆ। ਇਨ੍ਹਾਂ ਨੂੰ ਫੜਨ ਲਈ ਪੁੱਜੀ ਦਿੱਲੀ ਪੁਲੀਸ ਪੂਰੀ ਤਰ੍ਹਾਂ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਮੁਲਜ਼ਮਾਂ ਨੂੰ ਦੁਘਾਟ ਪਿੰਡ ਦੇ ਵਸਨੀਕ ਗੁਰਪ੍ਰੀਤ ਸਿੰਘ ਦੇ ਘਰੋਂ ਕਾਬੂ ਕੀਤਾ ਗਿਆ ਹੈ ਤੇ ਪੁਲੀਸ ਦੀ ਕਾਰਵਾਈ ਦੌਰਾਨ ਘਰ ‘ਚ ਗੁਰਪ੍ਰੀਤ ਸਿੰਘ ਦੀ ਮਾਤਾ ਵੀ ਮੌਜੂਦ ਸੀ। ਇਸ ਮਹਿਲਾ ਦਾ ਇਕ ਪੁੱਤ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਇਕ ਤਿੰਨ ਮਹੀਨਿਆਂ ਤੋਂ ਕੰਬਾਈਨ ‘ਤੇ ਗਿਆ ਹੋਇਆ ਹੈ। ਡੇਰਾ ਪ੍ਰੇਮੀ ਦੇ ਕਤਲ ਕੇਸ ਦੇ ਇਹ ਮੁਲਜ਼ਮ ਇਸ ਘਰ ‘ਚ ਕਦੋਂ ਅਤੇ ਕਿਵੇਂ ਪਹੁੰਚੇ ਇਸ ਸਬੰਧੀ ਸਥਾਨਕ ਪੁਲੀਸ ਵੱਲੋਂ ਗੁਰਪ੍ਰੀਤ ਸਿੰਘ ਅਤੇ ਦੁਘਾਟ ਪਿੰਡ ਦੇ ਕੁਝ ਮੋਹਤਬਰਾਂ ਸਮੇਤ ਦਰਜਨ ਭਰ ਵਸਨੀਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਹੈ। ਪੁਲੀਸ ਵੱਲੋਂ ਦੁਘਾਟ ਸਮੇਤ ਹੋਰ ਆਸੇ-ਪਾਸੇ ਦੇ ਪਿੰਡਾਂ ਤੇ ਰਾਹਾਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਮੇਤ ਮੋਬਾਈਲ ਫੋਨਾਂ ਦੀਆਂ ਲੋਕੇਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਦੁਘਾਟ ਤੋਂ ਫੜੇ ਤਿੰਨੋਂ ਮੁਲਜ਼ਮ ਜਲਦੀ ਹੀ ਪਟਿਆਲਾ ਪੁਲੀਸ ਨੂੰ ਸੌਂਪੇ ਜਾ ਸਕਦੇ ਹਨ। ਭਾਵੇਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਤਰ੍ਹਾਂ ਹੀ ਪਰਦੀਪ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਨੇ ਹੀ ਲਈ ਹੈ ਤੇ ਇਹ ਸ਼ੂਟਰ ਪਾਕਿਸਤਾਨ ‘ਚ ਰਹਿ ਰਹੇ ਹਰਵਿੰਦਰ ਰਿੰਦਾ ਦੇ ਸੰਪਰਕ ‘ਚ ਵੀ ਦੱਸੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਦਿੱਲੀ ਪੁਲੀਸ ਡੇਰਾ ਪ੍ਰੇਮੀ ਦੇ ਕਤਲ ਦੀ ਜਾਂਚ ‘ਚ ਨਹੀਂ ਪੈਣਾ ਚਾਹੁੰਦੀ। ਇਹ ਜਾਂਚ ਪੰਜਾਬ ਪੁਲੀਸ ਵੱਲੋਂ ਹੀ ਕੀਤੇ ਜਾਣ ਦੀ ਸੰਭਾਵਨਾ ਹੈ।