ਬਹੁਚਰਚਿਤ ਡਰੱਗ ਮਾਮਲੇ ‘ਚ ਲੰਬੇ ਸਮੇਂ ਤੋਂ ਹਾਈ ਕੋਰਟ ‘ਚ ਪਏ ਸੀਲ ਬੰਦ ਲਿਫਾਫੇ ਖੁੱਲ੍ਹਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਤਿੰਨ ਲਿਫਾਫੇ ਉਨ੍ਹਾਂ ਕੋਲ ਪਹੁੰਚਣ ਦੀ ਜਾਣਕਾਰੀ ਸਾਂਝੀ ਕਰਦਿਆਂ ਡਰਗੱ ਮਾਮਲੇ ‘ਚ ਵੱਡੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਡਰੱਗ ਮਾਮਲੇ ‘ਚ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਭਗਵੰਤ ਮਾਨ ਕਿਹਾ ਕਿ ਹਾਈ ਕੋਰਟ ਵੱਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਤ 3 ਲਿਫ਼ਾਫੇ ਉਨ੍ਹਾਂ ਕੋਲ ਪਹੁੰਚ ਗਏ ਹਨ। ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬ ‘ਚ ਡਰੱਗ ਮਾਮਲੇ ਨਾਲ ਸਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫ਼ਾਫ਼ੇ ਮਾਣਯੋਗ ਹਾਈ ਕੋਰਟ ਵੱਲੋਂ ਖੋਲ੍ਹੇ ਗਏ ਤੇ ਉਹ ਮੇਰੇ ਕੋਲ ਪਹੁੰਚ ਗਏ ਹਨ। ਮੁੱਖ ਮੰਤਰੀ ਮਾਨ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ‘ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬੀਤੀ 28 ਮਾਰਚ ਨੂੰ ਸਾਲ 2017 ਅਤੇ 2018 ‘ਚ ਡਰੱਗਜ਼ ਮਾਮਲੇ ‘ਚ ਬਣਾਈਆਂ ਗਈਆਂ ਸਪੈਸ਼ਲ ਇਨਵੈਸਟੀਗੇਸ਼ਨ ਰਿਪੋਰਟਾਂ ਨੂੰ 5 ਸਾਲ ਦੇ ਵਕਫੇ ਤੋਂ ਬਾਅਦ ਖੋਲ੍ਹਿਆ ਗਿਆ ਹੈ। ਜਸਟਿਸ ਗੁਰਮੀਤ ਸਿੰਘ ਸੰਧੇਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਲ ‘ਤੇ ਆਧਾਰਤ ਬੈਂਚ ਨੇ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਆਜ਼ਾਦੀ ਦਿੱਤੀ ਹੈ ਅਤੇ ਹੁਣ ਮੁੱਖ ਮੰਤਰੀ ਮਾਨ ਕੋਲ ਇਹ ਖੋਲ੍ਹੀਆਂ ਹੋਈਆਂ ਰਿਪੋਰਟਾਂ ਪਹੁੰਚ ਗਈਆਂ ਹਨ ਜਿਸ ‘ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਾ ਬਣਦਾ ਹੈ ਕਿ ‘ਚਿੱਟੇ’ ਕਾਰਨ ਅੱਜ ਵੀ ਰੋਜ਼ਾਨਾ ਪੰਜਾਬ ‘ਚ ਦੋ ਤੋਂ ਤਿੰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇਕ ਸਾਲ ਹੋਣ ਤੋਂ ਬਾਅਦ ਵੀ ਨਸ਼ੇ ਦੇ ਖਾਤਮੇ ਕਰਨ ‘ਚ ਇਹ ਸਰਕਾਰ ਹਾਲੇ ਤੱਕ ਨਾਕਾਮ ਸਾਬਤ ਹੋਈ ਹੈ।