ਇੰਦਰਜੀਤ ਕੌਰ ਨਾਂ ਇਕ ਪੰਜਾਬੀ ਮੂਲ ਦੀ ਮਹਿਲਾ ਨੂੰ ਇੰਗਲੈਂਡ ’ਚ 8 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ 29 ਸਾਲਾ ਮਹਿਲਾ ਨੂੰ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਡਰਾਈਵਿੰਗ ਟੈਸਟ’ ਨਾਲ ਜੁਡ਼ੀ ਧੋਖਾਧਡ਼ੀ ਦੇ ਦੋਸ਼ ’ਚ ਸੁਣਾਈ ਗਈ ਹੈ। ਮਹਿਲਾ ਨੇ ਇਸ ਜਾਂਚ ਲਈ 150 ਉਮੀਦਵਾਰਾਂ ਦੀ ਥਾਂ ਖੁਦ ਨੂੰ ਪੇਸ਼ ਕੀਤਾ ਸੀ। ਸਵਾਨਸੀ ਕ੍ਰਾਊਨ ਅਦਾਲਤ ’ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਸੁਣਾਈ ਗਈ। ਇੰਦਰਜੀਤ ਕੌਰ ਨੇ ਸਾਲ 2018 ਅਤੇ 2020 ਦਰਮਿਆਨ ਉਮੀਦਵਾਰਾਂ ਵੱਲੋਂ ਲਗਭਗ 150 ਲਿਖਤੀ ਅਤੇ ਪ੍ਰਯੋਗਿਕ ਜਾਂਚ ’ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ। ਉਸ ਨੇ ਸਵਾਨਸੀ, ਕਾਰਮਾਥਨ, ਬਰਮਿੰਘਮ ਅਤੇ ਲੰਡਨ ਨੇਡ਼ੇ ਸਮੇਤ ਪੂਰੇ ਇੰਗਲੈਂਡ ਅਤੇ ਵੈਲਸ ’ਚ ਇਹ ਅਪਰਾਧ ਕੀਤੇ। ਸਾਊਥ ਵੈਲਸ ਪੁਲੀਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਸਟੀਵਨ ਮੈਲੋਨੀ ਨੇ ਕਿਹਾ ਕਿ ਇੰਦਰਜੀਤ ਕੌਰ ਨੇ ਜੋ ਅਪਰਾਧ ਕੀਤੇ ਹਨ, ਉਹ ਡਰਾਈਵਿੰਗ ਟੈਸਟ ਪ੍ਰਕਿਰਿਆ ’ਚ ਵਿਘਨ ਪਾਉਂਦੇ ਹਨ ਅਤੇ ਖਤਰਨਾਕ ਮੋਟਰ ਚਾਲਕਾਂ ਨੂੰ ਜਾਇਜ਼ ਲਾਈਸੈਂਸ ਦੇਣ ਦੀ ਇਜਾਜ਼ਤ ਦੇ ਕੇ ਨਿਰਦੋਸ਼ ਰਾਹਗੀਰਾਂ ਨੂੰ ਜੋਖਮ ’ਚ ਪਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇੰਦਰਜੀਤ ਕੌਰ ਨੇ ਹਰੇਕ ਉਸ ਉਮੀਦਵਾਰ ਤੋਂ ਲਗਭਗ 800 ਪਾਊਂਡ ਲਏ ਸਨ ਜਿਨ੍ਹਾਂ ਦੇ ਬਦਲੇ ਉਹ ਜਾਂਚ ’ਚ ਸ਼ਾਮਲ ਹੋਏ ਸਨ। ਮਾਮਲੇ ਦੀ ਜਾਂਚ ’ਚ ਪਤਾ ਚੱਲਿਆ ਕਿ ਇੰਦਰਜੀਤ ਕੌਰ ਉਨ੍ਹਾਂ ਬਿਨੈਕਾਰਾਂ ਵੱਲੋਂ ਜਾਂਚ ’ਚ ਸ਼ਾਮਲ ਹੁੰਦੀ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ’ਚ ਮੁਸ਼ਕਲ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਇੰਦਰਜੀਤ ਕੌਰ ਨੂੰ ਅੱਠ ਮਹੀਨੇ ਤੱਕ ਜੇਲ੍ਹ ’ਚ ਰਹਿਣਾ ਪਵੇਗਾ।