ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਪਲੇਠੀ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐੱਲ.) ਨਿਲਾਮੀ ‘ਚ ਸਭ ਤੋਂ ਮਹਿੰਗੀ ਖਿਡਾਰਨ ਰਹੀ। ਰੌਇਲ ਚੈਲੰਜਰਜ਼ ਬੰਗਲੌਰ (ਆਰ.ਸੀ.ਬੀ.) ਨੇ ਬੋਲੀ ‘ਚ ਮੁੰਬਈ ਇੰਡੀਅਨਜ਼ ਨੂੰ ਪਛਾੜ ਕੇ ਮੰਧਾਨਾ ਨੂੰ 3.40 ਕਰੋੜ ਰੁਪਏ ‘ਚ ਖ਼ਰੀਦਿਆ। ਹਾਲਾਂਕਿ ਮੁੰਬਈ ਇੰਡੀਅਨਜ਼ ਨੂੰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਕਾਫੀ ਸਸਤੀ ਮਿਲ ਗਈ ਅਤੇ ਉਸ ਨੂੰ ਮੰਧਾਨਾ ‘ਤੇ ਲੱਗੀ ਬੋਲੀ ਤੋਂ ਲਗਪਗ ਅੱਧੀ ਕੀਮਤ (1.80 ਕਰੋੜ ਰੁਪਏ) ਹੀ ਦੇਣੀ ਪਈ। ਹਰਮਨਪ੍ਰੀਤ ਚੋਟੀ ਦੀਆਂ ਚਾਰ ਮਹਿੰਗੀਆਂ ਖਿਡਾਰਨਾਂ ‘ਚ ਵੀ ਥਾਂ ਨਹੀਂ ਬਣਾ ਸਕੀ। ਦੇਸ਼ ਦੀ ਦੂਜੀ ਸਭ ਤੋਂ ਮਹਿੰਗੀ ਖਿਡਾਰਨ ਹਰਫ਼ਨਮੌਲਾ ਦੀਪਤੀ ਸ਼ਰਮਾ ਰਹੀ ਜਿਸ ਨੂੰ ਯੂ.ਪੀ. ਵਾਰੀਅਰਜ਼ ਨੇ 2.6 ਕਰੋੜ ਰੁਪਏ ‘ਚ ਖ਼ਰੀਦਿਆ। ਸ਼ੈਫਾਲੀ ਵਰਮਾ ਅਤੇ ਪਾਕਿਸਤਾਨ ਖ਼ਿਲਾਫ਼ ਟੀ-20 ਵਰਲਡ ਕੱਪ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜੈਮੀਮਾ ਰੌਡਰਿਗਜ਼ ਨੂੰ ਦਿੱਲੀ ਕੈਪੀਟਲਜ਼ (ਡੀ.ਸੀ.) ਨੇ ਕ੍ਰਮਵਾਰ ਦੋ ਕਰੋੜ ਅਤੇ 2.20 ਕਰੋੜ ਰੁਪਏ ‘ਚ ਖ਼ਰੀਦਿਆ। ਡੀ.ਸੀ. ਨੂੰ ਮਹਿਲਾ ਕ੍ਰਿਕਟ ਦੀ ਬਿਹਤਰੀਨ ਖਿਡਾਰਨ ਆਸਟਰੇਲੀਆ ਦੀ ਮੈੱਗ ਲੇਨਿੰਗ ਵੀ ਕਾਫ਼ੀ ਸਸਤੀ (1.10 ਕਰੋੜ ਰੁਪਏ) ਮਿਲ ਗਈ। ਨਿਲਾਮੀ ਦੇ ਪਹਿਲੇ ਗੇੜ ‘ਚ ਆਸਟਰੇਲੀਆ ਦੀ ਹਰਫਨਮੌਲਾ ਐਸ਼ਲੇ ਗਾਰਡਨਰ ਨੂੰ ਗੌਤਮ ਅਡਾਨੀ ਦੀ ਗੁਜਰਾਤ ਜਾਇੰਟਸ ਨੇ 3.20 ਕਰੋੜ ਰੁਪਏ ‘ਚ ਖਰੀਦਿਆ। ਆਰ.ਸੀ.ਬੀ. ਨੇ ਆਸਟਰੇਲੀਆ ਦੀ ਸਟਾਰ ਹਰਫਨਮੌਲਾ ਐਲਿਸ ਪੈਰੀ ਨੂੰ 1.70 ਕਰੋੜ ਰੁਪਏ ਅਤੇ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੂੰ 50 ਲੱਖ ਰੁਪਏ ਦੇ ਕੇ ਟੀਮ ‘ਚ ਸ਼ਾਮਲ ਕੀਤਾ। ਯੂ.ਪੀ. ਵਾਰੀਅਰਜ਼ ਨੇ ਇੰਗਲੈਂਡ ਦੀ ਗੇਂਦਬਾਜ਼ ਸੋਫੀ ਐਕਲੇਸਟੋਨ ਨੂੰ ਖ਼ਰੀਦਣ ਲਈ 1.80 ਕਰੋੜ ਰੁਪਏ ਖਰਚ ਕੀਤੇ। ਆਰ.ਸੀ.ਬੀ. ਦੇ ਕ੍ਰਿਕਟ ਨਿਰਦੇਸ਼ਕ ਮਾਈਕ ਹੇਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੰਧਾਨਾ ਅਤੇ ਐਲਿਸ ਪੈਰੀ ਨੂੰ ਸਭ ਜਾਣਦੇ ਹਨ। ਅਸੀਂ ਇਨ੍ਹਾਂ ਸ਼ਾਨਦਾਰ ਖਿਡਾਰਨਾਂ ਨੂੰ ਖ਼ਰੀਦ ਕੇ ਕਾਫੀ ਖੁਸ਼ ਹਾਂ।’ ਉਨ੍ਹਾਂ ਕਿਹਾ, ‘ਮੰਧਾਨਾ ਨੂੰ ਕਪਤਾਨੀ ਦਾ ਕਾਫੀ ਤਜਰਬਾ ਹੈ ਅਤੇ ਉਹ ਭਾਰਤੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣੂੰ ਹੈ। ਇਸ ਲਈ ਪੂਰੀ ਸੰਭਾਵਨਾ ਹੈ ਕਿ ਉਹ ਕਪਤਾਨ ਬਣੇਗੀ।’ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ 3.4 ਕਰੋੜ ਰੁਪਏ ‘ਚ ਖ਼ਰੀਦੇ ਜਾਣ ਤੋਂ ਬਾਅਦ ਇੰਡੀਆ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ ‘ਚ ਆਰ.ਸੀ.ਬੀ. ਕੈਂਪ ‘ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੈ। ਮੰਧਾਨਾ ਨੇ ਕਿਹਾ ਕਿ ਆਰ.ਸੀ.ਬੀ. ਇਕ ਰੋਮਾਂਚਕ ਫਰੈਂਚਾਇਜ਼ੀ ਹੈ। ਉਸ ਦਾ ਬਹੁਤ ਵੱਡਾ ਫੈਨਬੇਸ ਹੈ। ਮੈਂ ਆਰ.ਸੀ.ਬੀ. ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਸਾਰੇ ਪ੍ਰਸ਼ੰਸਕ, ਸਾਡਾ ਸਮਰਥਨ ਕਰਦੇ ਹਨ, ਅਸੀਂ ਇਕ ਵਧੀਆ ਟੂਰਨਾਮੈਂਟ ਦੀ ਕੋਸ਼ਿਸ਼ ਕਰਾਂਗੇ।