ਉੱਤਰ-ਪੱਛਮੀ ਪਾਕਿਸਤਾਨ ‘ਚ ਇਕ ਸੜਕ ਹਾਦਸੇ ‘ਚ ਔਰਤਾਂ ਅਤੇ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਅਥਾਰਟੀ 1122 ਕੇ.ਪੀ.ਕੇ. ਦੇ ਅਨੁਸਾਰ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੇਸ਼ਾਵਰ ਤੋਂ ਲਗਭਗ 40 ਕਿਲੋਮੀਟਰ ਪੱਛਮ ‘ਚ ਕੋਹਾਟ ਸੁਰੰਗ ਕੋਲ ਤਹਿਸੀਲ ਆਦਮ ਖੇਲ ਨੇੜੇ ਸਿੰਧੂ ਹਾਈਵੇਅ ‘ਤੇ ਇਕ ਡੰਪਰ ਟਰੱਕ ਇਕ ਵੈਨ ਨਾਲ ਟਕਰਾ ਗਿਆ। ਸਰਕਾਰੀ ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਅੱਠ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਖੈਬਰ ਪਖਤੂਨਖਵਾ ਦੇ ਗਵਰਨਰ ਹਾਜੀ ਗੁਲਾਮ ਅਲੀ ਅਤੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖ਼ਮੀ ਯਾਤਰੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ।