ਡੈਨਮਾਰਕ ਦੇ ਸਕੈਂਡੇਨੇਵੀਆ ਸਥਿਤ ਫੀਲਡ’ਜ਼ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ’ਚ ਦੁਪਹਿਰ ਸਮੇਂ ਇਕ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਕਾਰਨ ਜਿੱਥੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਉਥੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਕੋਪੇਨਹੈਗਨ ਪੁਲੀਸ ਇੰਸਪੈਕਟਰ ਸੋਰੇਨ ਥਾਮਸਨ ਨੇ ਕਿਹਾ ਕਿ ਮਰਨ ਵਾਲਿਆਂ ’ਚ ਇਕ 40 ਸਾਲਾ ਵਿਅਕਤੀ ਤੇ ਦੋ ਨੌਜਵਾਨ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਡੈਨਮਾਰਕ ਦੀ ਰਾਜਧਾਨੀ ’ਚ ਦੁਪਹਿਰ ਸਮੇਂ ਇਕ ਬੰਦੂਕਧਾਰੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਕਈ ਵਿਅਕਤੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਛਾਣ 22 ਸਾਲਾ ਡੈਨਮਾਰਕ ਵਾਸੀ ਵਜੋਂ ਹੋਈ ਹੈ ਜਿਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਮਸਨ ਨੇ ਕਿਹਾ ਕਿ ਅਜਿਹਾ ਨਹੀਂ ਜਾਪਦਾ ਕਿ ਕੋਈ ਹੋਰ ਵੀ ਇਸ ਘਟਨਾ ’ਚ ਸ਼ਾਮਲ ਸੀ, ਹਾਲਾਂਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਗੋਲੀਬਾਰੀ ਦਾ ਸਬੰਧ ਕਿਸੇ ਅੱਤਵਾਦੀ ਘਟਨਾ ਨਾਲ ਨਹੀਂ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਗੋਲੀਬਾਰੀ ਦੌਰਾਨ ਬੰਦੂਕਧਾਰੀ ਵਿਅਕਤੀ ਨੇ ਇਕੱਲਿਆਂ ਹੀ ਗੋਲੀਆਂ ਚਲਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਇਸ ਘਟਨਾ ’ਚ ਮਰਨ ਵਾਲਿਆਂ ’ਚ ਡੈਨਮਾਰਕ ਵਾਸੀ ਇਕ 17 ਸਾਲਾ ਲਡ਼ਕਾ, ਇਕ 17 ਸਾਲਾ ਲਡ਼ਕੀ ਤੇ ਇਕ 47 ਸਾਲਾ ਰੂਸੀ ਵਿਅਕਤੀ ਸ਼ਾਮਲ ਸਨ। ਜ਼ਖਮੀ ਹੋਏ ਚਾਰ ਵਿਅਕਤੀਆਂ ’ਚ ਦੋ ਡੈਨਮਾਰਕ ਤੇ ਦੋ ਸਵੀਡਨ ਨਾਲ ਸਬੰਧਤ ਸਨ, ਜਿਨ੍ਹਾਂ ਦੀ ਹਾਲਤ ਗੋਲੀਆਂ ਲੱਗਣ ਕਾਰਨ ਗੰਭੀਰ ਸੀ ਪਰ ਹੁਣ ਸਥਿਰ ਹੈ।