ਇਕ ਸਿਰਫਿਰੇ ਨੇ ਸਾਊਥ ਬ੍ਰਾਜ਼ੀਲ ‘ਚ ਸਥਿਤ ਇਕ ਡੇਅ ਕੇਅਰ ਸੈਂਟਰ ‘ਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਮੌਜੂਦ 4 ਬੱਚਿਆਂ ‘ਤੇ ਕੁਹਾੜੀ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਇਸ ਹਮਲੇ ‘ਚ 3 ਹੋਰ ਬੱਚੇ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਅਤੇ ਸਾਂਤਾ ਕੈਟਰੀਨਾ ਰਾਜ ਦੇ ਗਵਰਨਰ ਜੋਰਗਿਨਹੋਂ ਮੇਲੋ ਨੇ ਟਵੀਟ ਕਰਕੇ ਬਲੁਮੇਨੋ ‘ਚ ਹੋਏ ਕਤਲਾਂ ਦਾ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਵੱਲੋਂ ਕੀਤੇ ਗਏ ਕੁਹਾੜੀ ਦੇ ਵਾਰ ਨਾਲ ਜ਼ਖ਼ਮੀ ਹੋਏ 3 ਬੱਚਿਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਟੈਲੀਵਿਜ਼ਨ ‘ਤੇ ਪ੍ਰਸਾਰਿਤ ਵੀਡੀਓ ‘ਚ ਕੈਂਟਿਨਹੋ ਡੋ ਬੋਮ ਪੋਸਟਰ ਨਾਮਕ ਇਕ ਨਿੱਜੀ ਡੇਅ ਕੇਅਰ ਸੈਂਟਰ ਦੇ ਬਾਹਰ ਮਾਪੇ ਰੋਂਦੇ ਹੋਏ ਦਿਖਾਈ ਦੇ ਰਹੇ ਹਨ। ਬ੍ਰਾਜ਼ੀਲ ‘ਚ ਸਕੂਲਾਂ ‘ਤੇ ਹਮਲਾ ਆਮ ਘਟਨਾ ਨਹੀਂ ਹੈ ਪਰ ਹਾਲ ਦੇ ਸਾਲਾਂ ‘ਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਵਧੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਅਤੇ ਗ੍ਰਿਫ਼ਤਾਰ ਹਮਲਾਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।