ਟੀ-20 ਵਰਲਡ ਕੱਪ ਦੇ ਅੱਜ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ‘ਚ ਇੰਡੀਆ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਐਡੀਲੇਡ ਓਵਲ ‘ਚ ਖੇਡੇ ਗਏ ਮੈਚ ‘ਚ ਇੰਗਲੈਂਡ ਨੇ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗਵਾਏ ਇਹ ਜਿੱਤ ਦਰਜ ਕੀਤੀ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 16 ਓਵਰਾਂ ‘ਚ 170 ਦੌੜਾਂ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਗਲੈਂਡ ਵੱਲੋਂ ਜੋਸ ਬਟਲਰ ਨੇ 80 ਦੌੜਾਂ ਤੇ ਐਲੇਕਸ ਹੇਲਸ ਵਲੋਂ 86 ਦੌੜਾਂ ਦੀ ਬਦੌਲਤ ਇੰਡੀਆ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਇੰਗਲੈਂਡ ਹੁਣ ਟੀ-20 ਵਰਲਡ ਕੱਪ ਦੇ ਫਾਈਨਲ ‘ਚ ਪੁੱਜ ਗਿਆ ਹੈ ਤੇ ਇੰਡੀਆ ਦਾ ਇਸ ਵਰਲਡ ਕੱਪ ‘ਚ ਸਫਰ ਖਤਮ ਹੋ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੇ.ਐੱਲ. ਰਾਹੁਲ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਵੋਕਸ ਵਲੋਂ ਆਊਟ ਹੋ ਗਿਆ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 27 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜੋਰਡਨ ਵਲੋਂ ਆਊਟ ਹੋ ਗਿਆ। ਇੰਡੀਆ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ ‘ਤੇ ਡਿੱਗੀ। ਸੂਰਯਕੁਮਾਰ ਯਾਦਵ 14 ਦੌੜਾਂ ਦੇ ਨਿੱਜੀ ਸਕੋਰ ‘ਤੇ ਆਦਿਲ ਰਾਸ਼ਿਦ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਵਿਰਾਟ ਕੋਹਲੀ 50 ਦੌੜਾਂ ‘ਤੇ ਆਊਟ ਹੋ ਕੇ ਪਵੇਲੀਅਨ ਪਰਤੇ। ਹਾਰਦਿਕ ਪਾਂਡਿਆ ਸ਼ਾਨਦਾਰ 63 ਦੌੜਾਂ ਬਣਾ ਆਊਟ ਹੋਏ। ਇੰਗਲੈਂਡ ਵੱਲੋਂ ਕ੍ਰਿਸ ਵੋਕਸ ਨੇ 1, ਆਦਿਲ ਰਾਸ਼ਿਦ ਨੇ 1 ਤੇ ਕ੍ਰਿਸ ਜੋਰਡਨ ਨੇ 3 ਵਿਕਟਾਂ ਲਈਆਂ। ਟੀ-20 ਵਰਲਡ ਕੱਪ 2022 ਦਾ ਫਾਈਨਲ ਮੁਕਾਬਲਾ ਹੁਣ ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ 13 ਨਵੰਬਰ ਨੂੰ ਹੋਵੇਗਾ।