ਆਈ.ਸੀ.ਸੀ. ਟੀ-20 ਵਰਲਡ ਗਰੁੱਪ ਏ ਦੇ ਪਹਿਲੇ ਦੌਰ ਦੇ ਮੈਚ ‘ਚ ਨੀਦਰਲੈਂਡ ਦੀ ਟੀਮ ਯੂ.ਏ.ਈ. ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਜੇਤੂ ਰਹੀ। ਹੇਠਲੇ ਮੱਧਕ੍ਰਮ ਦੇ ਬੱਲੇਬਾਜ਼ਾਂ ਦੀ ਸੰਜਮ ਭਰਪੂਰ ਪਾਰੀਆਂ ਦੀ ਬਦੌਲਤ ਨੀਦਰਲੈਂਡ ਨੇ ਇਹ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂ.ਏ.ਈ. ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 111 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ‘ਚ ਨੀਦਰਲੈਂਡ ਨੇ ਵੀ 14ਵੇਂ ਓਵਰ ‘ਚ 76 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ‘ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਸੀ। ਹਾਲਾਂਕਿ ਸਕਾਟ ਐਡਵਰਡਸ (ਅਜੇਤੂ 16), ਟਿਮ ਪ੍ਰਿੰਗਲ (15) ਅਤੇ ਲੋਗਾਨ ਵਾਨ ਬੀਕ (ਅਜੇਤੂ 04) ਨੇ ਨੀਦਰਲੈਂਡ ਦੀ ਜਿੱਤ ਯਕੀਨੀ ਬਣਾਈ। ਐਡਵਰਡਸ ਅਤੇ ਵਾਨ ਬੀਕ ਨੇ ਤੇਜ਼ ਗੇਂਦਬਾਜ਼ ਜਾਵਰ ਫਰੀਦ ਦੇ ਆਖਰੀ ਓਵਰ ਦੀ ਪੰਜਵੀਂ ਗੇਂਦ ‘ਤੇ ਇਕ ਦੌੜ ਨਾਲ ਸੱਤ ਵਿਕਟਾਂ ‘ਤੇ 112 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ‘ਚ ਜਨਮੇ ਜੁਨੈਦ ਸਿੱਦੀਕੀ (ਚਾਰ ਓਵਰਾਂ ‘ਚ 24 ਦੌੜਾਂ ਦੇ ਕੇ 3 ਵਿਕਟਾਂ) ਨੇ ਯੂ.ਏ.ਈ. ਨੂੰ ਵਾਪਸੀ ਦਿਵਾਈ ਜਦੋਂ ਉਸਨੇ ਟਾਮ ਕੂਪਰ (08) ਅਤੇ ਦੱਖਣੀ ਅਫਰੀਕਾ ‘ਚ ਜਨਮੇ ਸਾਬਕਾ ਆਈ.ਪੀ.ਐਲ. ਖਿਡਾਰੀ ਰੂਲੋਫ ਵਾਨ ਡੇਰ ਮਰਵ ਨੂੰ ਤਿੰਨ ਗੇਂਦਾਂ ‘ਚ ਆਊਟ ਕੀਤਾ। ਨਿਊਜ਼ੀਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਕ੍ਰਿਸ ਦੇ ਪੁੱਤਰ ਪ੍ਰਿੰਗਲ ਅਤੇ ਐਡਵਰਡਸ ਨੇ ਪੰਜ ਓਵਰਾਂ ‘ਚ 27 ਦੌੜਾਂ ਜੋੜ ਕੇ ਨੀਦਰਲੈਂਡ ਦੀ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਸੱਤਵੇਂ ਵਿਕਟ ਦੀ ਸਾਂਝੇਦਾਰੀ ਦੌਰਾਨ ਦੋਵਾਂ ਨੇ ਕੋਈ ਚੌਕਾ ਨਹੀਂ ਲਗਾਇਆ ਪਰ ਇਕ-ਦੋ ਦੌੜਾਂ ਹੋਰ ਲੈ ਕੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ। ਇਸ ਤੋਂ ਪਹਿਲਾਂ ਯੂ.ਏ.ਈ. ਦੀ ਟੀਮ ਕਦੇ ਵੀ ਵੱਡਾ ਸਕੋਰ ਖੜ੍ਹਾ ਕਰਨ ਦੀ ਸਥਿਤੀ ‘ਚ ਨਹੀਂ ਦਿਖਾਈ ਦਿੱਤੀ। ਟੀਮ ਰਨ ਰੇਟ ਨਹੀਂ ਵਧਾ ਸਕੀ। ਮੁਹੰਮਦ ਵਸੀਮ ਨੇ 47 ਗੇਂਦਾਂ ‘ਚ 41 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਸਕੋਰਰ ਰਹੇ। ਨੀਦਰਲੈਂਡ ਦੇ ਗੇਂਦਬਾਜ਼ਾਂ ਦੇ ਦਬਦਬੇ ਦਾ ਅੰਦਾਜ਼ਾ ਇਸ ਨਾਲ ਲਾਇਆ ਜਾ ਸਕਦਾ ਹੈ ਕਿ ਯੂ.ਏ.ਈ. ਦੇ ਬੱਲੇਬਾਜ਼ਾਂ ਨੇ 60 ਤੋਂ ਵੱਧ ਗੇਂਦਾਂ ਖਾਲੀ ਖੇਡੀਆਂ। 1996 ਦੇ ਵਰਲਡ ਕੱਪ ‘ਚ ਨੀਦਰਲੈਂਡ ਲਈ ਖੇਡਣ ਵਾਲੇ ਟਿਮ ਦੇ ਪੁੱਤਰ ਅਤੇ ਤੇਜ਼ ਗੇਂਦਬਾਜ਼ ਬਾਸ ਡੀ ਲੀਡੇ ਨੇ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।