ਮੈਲਬੌਰਨ ‘ਚ ਖੇਡੇ ਗਏ ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ‘ਚ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੇ ਦੂਜੀ ਵਾਰ ਖਿਤਾਬ ਜਿੱਤ ਲਿਆ। ਆਲਰਾਊਂਡਰ ਬੇਨ ਸਟੋਕਸ (ਅਜੇਤੂ 52) ਦੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਫਾਈਨਲ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ। ਖ਼ਿਤਾਬੀ ਮੈਚ ‘ਚ ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਨੇ ਸੈਮ ਕਰਨ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਨੂੰ 137 ਦੌੜਾਂ ‘ਤੇ ਰੋਕ ਦਿੱਤਾ। ਟੀ-20 ਚੈਂਪੀਅਨ ਬਣਨ ਲਈ ਜੋਸ ਬਟਲਰ ਦੀ ਟੀਮ ਦੇ ਸਾਹਮਣੇ 138 ਦੌੜਾਂ ਦਾ ਟੀਚਾ ਸੀ, ਜਿਸ ਨੂੰ ਉਨ੍ਹਾਂ ਨੇ ਇਕ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਵਨਡੇ ਵਿਸ਼ਵ ਕੱਪ 2019 ਦੇ ਫਾਈਨਲ ‘ਚ ਇੰਗਲੈਂਡ ਦੀ ਜਿੱਤ ਦੇ ਹੀਰੋ ਰਹੇ ਸਟੋਕਸ ਨੇ 49 ਗੇਂਦਾਂ ‘ਤੇ 5 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 52 ਦੌੜਾਂ ਬਣਾ ਕੇ ਇੰਗਲੈਂਡ ਨੂੰ ਯਾਦਗਾਰ ਜਿੱਤ ਦਿਵਾਈ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ 45 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਦੋਂ ਤੱਕ ਮੈਚ ਪਾਕਿਸਤਾਨ ਦੀ ਪਕੜ ‘ਚ ਸੀ। ਹੈਡਿੰਗਲੇ ਅਤੇ ਲਾਰਡਜ਼ ਸੁਰਮਾ ਸਟੋਕਸ ਨੇ ਇਕ ਵਾਰ ਫਿਰ ਆਪਣੀ ਟੀਮ ਨੂੰ ਸੰਕਟ ‘ਚੋਂ ਕੱਢਦੇ ਹੋਏ ਹੈਰੀ ਬਰੂਕ (20) ਦੇ ਨਾਲ 39 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਮੋਈਨ ਅਲੀ (19) ਨਾਲ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਬਰੂਕ ਅਤੇ ਮੋਇਨ ਦੇ ਆਊਟ ਹੋਣ ਤੋਂ ਬਾਅਦ ਵੀ ਸਟੋਕਸ ਵਿਕਟ ‘ਤੇ ਬਣੇ ਰਹੇ ਅਤੇ 19ਵੇਂ ਓਵਰ ‘ਚ ਮੁਹੰਮਦ ਵਸੀਮ ਜੂਨੀਅਰ ਦੀ ਗੇਂਦ ਉਥੇ ਜੇਤੂ ਰਨ ਬਣਾ ਕੇ ਇੰਗਲੈਂਡ ਨੂੰ ਦੂਜੀ ਵਾਰ ਟੀ-20 ਵਰਲਡ ਚੈਂਪੀਅਨ ਬਣਾਇਆ। ਇੰਗਲੈਂਡ ਨੇ ਆਪਣਾ ਪਹਿਲਾ ਟੀ-20 ਵਰਲਡ ਕੱਪ 2010 ‘ਚ ਆਸਟਰੇਲੀਆ ਨੂੰ ਹਰਾ ਕੇ ਜਿੱਤਿਆ ਸੀ। ਬਟਲਰ, ਪੌਲ ਕਾਲਿੰਗਵੁੱਡ ਤੋਂ ਬਾਅਦ ਇੰਗਲੈਂਡ ਲਈ ਟੀ-20 ਵਰਲਡ ਕੱਪ ਜਿੱਤਣ ਵਾਲੇ ਦੂਜੇ ਕਪਤਾਨ ਬਣ ਗਏ ਹਨ। ਦੂਜੇ ਪਾਸੇ ਪਾਕਿਸਤਾਨ ਆਪਣਾ ਤੀਜਾ ਫਾਈਨਲ ਖੇਡਦੇ ਹੋਏ ਦੂਜਾ ਟੀ-20 ਵਰਲਡ ਕੱਪ ਦੇ ਖਿਤਾਬ ਤਲਾਸ਼ ਰਹੀ ਸੀ, ਪਰ ਬਾਬਰ ਆਜ਼ਮ ਦੀ ਟੀਮ ਹੈਰਿਸ ਰਾਊਫ (23/2) ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਜਿੱਤ ਦੀ ਦਹਿਲੀਜ਼ ਨੂੰ ਪਾਰ ਨਹੀਂ ਕਰ ਸਕੀ।