ਨੀਦਰਲੈਂਡ ਨੇ ਬਾਸ ਡੀ ਲੀਡ (30 ਦੌੜਾਂ, ਦੋ ਵਿਕਟਾਂ) ਦੇ ਹਰਫਨਮੌਲਾ ਪ੍ਰਦਰਸ਼ਨ ਅਤੇ ਵਿਕਰਮਜੀਤ ਸਿੰਘ ਦੀਆਂ 39 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਪਹਿਲੇ ਦੌਰ ‘ਚ ਨਾਮੀਬੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਗਰੁੱਪ-ਏ ਦੇ ਮੈਚ ‘ਚ ਨਾਮੀਬੀਆ ਨੇ ਨੀਦਰਲੈਂਡ ਨੂੰ 122 ਦੌੜਾਂ ਦਾ ਟੀਚਾ ਦਿੱਤਾ ਜਿਸ ਨੂੰ ਡੱਚ ਟੀਮ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਨੀਦਰਲੈਂਡ 13 ਓਵਰਾਂ ‘ਚ 90/1 ਦੇ ਸਕੋਰ ਨਾਲ ਟੀਚੇ ਵੱਲ ਆਸਾਨੀ ਨਾਲ ਅੱਗੇ ਵਧ ਰਿਹਾ ਸੀ, ਪਰ ਅਗਲੇ ਚਾਰ ਓਵਰਾਂ ‘ਚ ਉਸਨੇ ਸਿਰਫ 12 ਦੌੜਾਂ ਬਣਾਈਆਂ ਅਤੇ ਚਾਰ ਵਿਕਟਾਂ ਗੁਆ ਦਿੱਤੀਆਂ। ਸੈੱਟ ਬੱਲੇਬਾਜ਼ ਮੈਕਸ ਓਡੌ ਦੇ ਰਨ ਆਊਟ ਹੋਣ ਤੋਂ ਬਾਅਦ ਜੇਜੇ ਸਮਿਟ ਨੇ ਟੌਪ ਕੂਪਰ ਅਤੇ ਕੋਲਿਨ ਐਕਰਮੈਨ ਨੂੰ ਆਊਟ ਕੀਤਾ ਜਦੋਂ ਕਿ ਜੈਨ ਫ੍ਰਾਈਲਿੰਕ ਨੇ ਸਕੌਟ ਐਡਵਰਡਸ ਦਾ ਵਿਕਟ ਲੈ ਕੇ ਮੈਚ ਨੂੰ ਰੋਮਾਂਚਕ ਮੌੜ ‘ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਡੀ ਲੀਡ ਨੇ ਟਿਮ ਪ੍ਰਿੰਗਲ (ਨਾਬਾਦ 09) ਦੇ ਨਾਲ ਮਿਲ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਡੀ ਲੀਡ ਨੇ 30 ਗੇਂਦਾਂ ‘ਤੇ ਦੋ ਚੌਕਿਆਂ ਦੀ ਮਦਦ ਨਾਲ ਅਜੇਤੂ 30 ਦੌੜਾਂ ਬਣਾਈਆਂ ਅਤੇ ਆਖਰੀ ਓਵਰ ਦੀ ਤੀਜੀ ਗੇਂਦ ‘ਤੇ ਦੋ ਦੌੜਾਂ ਬਣਾ ਕੇ ਨੀਦਰਲੈਂਡ ਨੂੰ ਜਿੱਤ ਦਿਵਾਈ।