ਆਸਟਰੇਲੀਆ ‘ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ਦੇ ਸੁਪਰ-12 ਗਰੁੱਪ-2 ਦਾ ਮੁਕਾਬਲਾ ਇੰਡੀਆ ਤੇ ਦੱਖਣੀ ਅਫਰੀਕਾ ਦਰਮਿਆਨ ਖੇਡਿਆ ਗਿਆ। ਮੈਚ ‘ਚ ਦੱਖਣੀ ਅਫਰੀਕਾ ਨੇ ਇੰਡੀਆ ਨੂੰ 5 ਵਿਕਟਾਂ ਨਾਲ ਹਰਾਇਆ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਨਿਰਧਾਰਤ 20 ਓਵਰਾਂ ‘ਚ ਸੂਰਯਕੁਮਾਰ ਯਾਦਵ ਦੀਆਂ ਸ਼ਾਨਦਾਰ 68 ਦੌੜਾਂ ਦੀ ਬਦੌਲਤ 9 ਵਿਕਟਾਂ ਦੇ ਨੁਕਸਾਨ ‘ਤੇ 133 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ 19.4 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ ਤੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਦੇ ਨਿੱਜੀ ਸਕੋਰ ‘ਤੇ ਲੁੰਗੀ ਐਨਗਿਡੀ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਟੀਮ ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੇ.ਐੱਲ. ਰਾਹੁਲ 9 ਦੌੜਾਂ ਦੇ ਨਿੱਜੀ ਸਕੋਰ ‘ਤੇ ਲੁੰਗੀ ਐਨਗਿਡੀ ਵਲੋਂ ਆਊਟ ਹੋ ਗਏ। ਇੰਡੀਆ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ ‘ਤੇ ਡਿੱਗੀ। ਵਿਰਾਟ 12 ਦੌੜਾਂ ਦੇ ਨਿੱਜੀ ਸਕੋਰ ਲੁੰਗੀ ਐਨਡਿਗੀ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਦੀਪਕ ਹੁੱਡਾ 0 ਦੇ ਸਕੋਰ ‘ਤੇ ਅਤੇ ਹਾਰਦਿਕ ਪਾਂਡਿਆ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਇੰਡੀਆ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਦਿਨੇਸ਼ ਕਾਰਤਿਕ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਪਾਰਨੇਲ ਦਾ ਸ਼ਿਕਾਰ ਬਣਿਆ ਤੇ ਪਵੇਲੀਅਨ ਪਰਤ ਗਿਆ। ਇੰਡੀਆ ਨੂੰ ਸੱਤਵਾਂ ਝਟਕਾ ਉਦੋਂ ਲੱਗਾ ਜਦੋਂ ਰਵੀਚੰਦਰਨ ਅਸ਼ਵਿਨ 7 ਦੌੜਾਂ ਦੇ ਨਿੱਜੀ ਸਕੋਰ ‘ਤੇ ਪਾਰਨੇਲ ਵਲੋਂ ਆਊਟ ਹੋ ਗਏ। ਦੱਖਣੀ ਅਫਰੀਕਾ ਵਲੋਂ ਪਾਰਨੇਲ ਨੇ 3, ਲੁੰਗੀ ਐਨਗਿਡੀ ਨੇ 4 ਤੇ ਐਨਰਿਕ ਨਾਰਤਜੇ ਨੇ 1 ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲੇ ਦੋ ਸ਼ੁਰੂਆਤੀ ਝਟਕੇ ਅਰਸ਼ਦੀਪ ਸਿੰਘ ਨੇ ਦਿੱਤੇ। ਅਰਸ਼ਦੀਪ ਨੇ ਕਵਿੰਟਨ ਡਿਕਾਕ ਨੂੰ 1 ਦੌੜ ਤੇ ਰਿਲੀ ਰੋਸੇ ਨੂੰ ਸਿਫਰ ਦੇ ਸਕੋਰ ‘ਤੇ ਪਵੇਲੀਅਨ ਭੇਜ ਦਿੱਤਾ। ਸਾਊਥ ਅਫਰੀਕਾ ਇਸ ਜਿੱਤ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ ਜਦਕਿ ਪਾਕਿਸਤਾਨ ਦੇ ਸੈਮੀਫਾਈਨਲ ‘ਚ ਪਹੁੰਚਣ ਦੀ ਉਮੀਦ ਫਿੱਕੀ ਪੈ ਗਈ ਹੈ।