ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਆਖਰੀ ਲੀਗ ਮੈਚ ‘ਚ ਅੱਜ ਮੈਲਬੌਰਨ ਵਿਖੇ ਇੰਡੀਆ ਤੇ ਜ਼ਿੰਬਾਬਵੇ ਆਹਮੋ-ਸਾਹਮਣਾ ਹੋਏ। ਇੰਡੀਆ ਨੇ ਇਹ ਮੈਚ 71 ਦੌੜਾਂ ਨਾਲ ਜਿੱਤ ਲਿਆ ਅਤੇ ਸੈਮੀਫਾਈਨਲ ‘ਚ ਪਹੁੰਚ ਗਿਆ। ਇੰਡੀਆ ਦਾ ਸੈਮੀਫਾਈਨਲ ‘ਚ ਮੁਕਾਬਲਾ ਹੁਣ ਇੰਗਲੈਂਡ ਦੀ ਟੀਮ ਨਾਲ 10 ਨਵੰਬਰ ਨੂੰ ਹੋਵੇਗਾ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਜ਼ਿੰਬਾਬਵੇ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 17.2 ਓਵਰਾਂ ‘ਚ ਆਲ ਆਊਟ ਹੋ ਕੇ ਸਿਰਫ਼ 115 ਦੌੜਾਂ ਹੀ ਬਣਾ ਸਕੀ। ਸਿੱਟੇ ਵਜੋਂ ਇੰਡੀਆ 71 ਦੌੜਾਂ ਨਾਲ ਇਹ ਮੈਚ ਜਿੱਤ ਗਿਆ। ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁਜ਼ਾਰਬਾਨੀ ਵੱਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਇੰਡੀਆ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 26 ਦੌੜਾਂ ਦੇ ਨਿੱਜੀ ਸਕੋਰ ‘ਤੇ ਸੀਨ ਵਿਲੀਅਮਸ ਵੱਲੋਂ ਆਊਟ ਹੋ ਗਏ। ਇੰਡੀਆ ਦੀ ਤੀਜੀ ਵਿਕਟ ਕੇ.ਐੱਲ. ਰਾਹੁਲ ਦੇ ਤੌਰ ‘ਤੇ ਡਿੱਗੀ। ਰਾਹੁਲ 51 ਦੌੜਾਂ ਦੇ ਨਿੱਜੀ ਸਕੋਰ ‘ਤੇ ਸਿਕੰਦਰ ਰਜ਼ਾ ਵੱਲੋਂ ਆਊਟ ਹੋਏ। ਇੰਡੀਆ ਦੀ ਚੌਥੀ ਵਿਕਟ ਰਿਸ਼ਭ ਪੰਤ ਦੇ ਤੌਰ ‘ਤੇ ਡਿੱਗੀ। ਪੰਤ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਸੀਨ ਵਿਲੀਅਮਸ ਦਾ ਸ਼ਿਕਾਰ ਬਣੇ। ਹਾਰਦਿਕ ਪੰਡਯਾ 18 ਦੌੜਾਂ ਬਣਾ ਆਊਟ ਹੋਏ। ਇਸ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ ਅਜੇਤੂ ਰਹਿੰਦੇ ਹੋਏ 6 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜ਼ਿੰਬਾਬਵੇ ਵੱਲੋਂ ਨਗਾਰਵਾ, ਮੁਜ਼ਰਬਾਨੀ ਅਤੇ ਸਿਕੰਦਰ ਰਜ਼ਾ ਨੇ 1-1 ਵਿਕਟ ਜਦਕਿ ਸੀਨ ਵਿਲੀਅਮਸ ਨੇ 2 ਵਿਕਟਾਂ ਝਟਕਾਈਆਂ।