ਆਈ.ਸੀ.ਸੀ. ਟੀ-20 ਵਰਲਡ ਕੱਪ 2022 ‘ਚ ਇੰਡੀਆ-ਨੀਦਰਲੈਂਡ ਦਾ ਮੈਚ ਵੀਰਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਚ ਖੇਡਿਆ ਗਿਆ ਜਿਸ ‘ਚ ਇੰਡੀਆ ਦੀ ਟੀਮ 56 ਦੌੜਾਂ ਨਾਲ ਜੇਤੂ ਰਹੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਵਿਰਾਟ ਕੋਹਲੀ ਦੀਆਂ 62 ਦੌੜਾਂ, ਰੋਹਿਤ ਸ਼ਰਮਾ ਦੀਆਂ 53 ਦੌੜਾਂ ਤੇ ਸੂਰਯਾ ਕੁਮਾਰ ਯਾਦਵ ਦੀਆਂ 51 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 179 ਦੌੜਾਂ ਬਣਾਈਆਂ ਤੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨੀਦਰਲੈਂਡ ਦਾ ਕੋਈ ਵੀ ਖਿਡਾਰੀ ਟਿੱਕ ਕੇ ਨਹੀਂ ਖੇਡ ਸਕਿਆ ਤੇ ਟੀਮ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 123 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਡੀਆ ਨੇ ਇਹ ਮੈਚ 56 ਦੌੜਾਂ ਨਾਲ ਜਿੱਤ ਲਿਆ। ਨੀਦਰਲੈਂਡ ਵਲੋਂ ਵਿਕਰਮਜੀਤ ਸਿੰਘ 1 ਦੌੜ, ਮੈਕਸ 15 ਦੌੜਾਂ, ਲੀਡੇ 16 ਦੌੜਾਂ, ਐਕਰਮੈਨ 17 ਦੌੜਾਂ, ਪ੍ਰਿੰਗਲੇ 20 ਦੌੜਾਂ ਤੇ ਐਡਵਰਡਸ 5 ਦੌੜਾਂ ਬਣਾ ਕੇ ਆਊਟ ਹੋਏ। ਇੰਡੀਆ ਵੱਲੋਂ ਭੁਵੇਸ਼ਵਰ ਕੁਮਾਰ ਨੇ 2, ਅਰਸ਼ਦੀਪ ਸਿੰਘ 2, ਮੁਹੰਮਦ ਸ਼ੰਮੀ ਨੇ 1, ਅਕਸ਼ਰ ਪਟੇਲ ਨੇ 2, ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ 9 ਦੌੜਾਂ ਦੇ ਸਕੋਰ ‘ਤੇ ਮੀਕੇਰਨ ਵਲੋਂ ਐਲ.ਬੀ.ਡਬਲਿਊ. ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਰੋਹਿਤ ਸ਼ਰਮਾ 53 ਦੌੜਾਂ ਦੇ ਨਿੱਜੀ ਸਕੋਰ ‘ਤੇ ਕਲਾਸੇਨ ਦਾ ਸ਼ਿਕਾਰ ਬਣੇ। ਵਿਰਾਟ ਕੋਹਲੀ ਤੇ ਸੂਰਯਾ ਕੁਮਾਰ ਯਾਦਵ ਨੇ ਅਜੇਤੂ ਰਹਿੰਦੇ ਹੋਏ ਕ੍ਰਮਵਾਰ 62 ਤੇ 51 ਦੌੜਾਂ ਬਣਾਈਆਂ। ਨੀਦਰਲੈਂਡ ਵੱਲੋਂ ਫਰੇਡ ਕਲਾਸੇਨ ਨੇ 1 ਤੇ ਮੀਕੇਰੇਨ ਨੇ 1 ਵਿਕਟ ਲਈ। ਪਹਿਲਾਂ ਮੀਂਹ ਦੀ ਵਜ੍ਹਾ ਨਾਲ ਮੈਚ ਨਾ ਹੋਣ ਦੀ ਸੰਭਾਵਨਾ ਸੀ ਪਰ ਬਾਅਦ ‘ਚ ਮੌਸਮ ਸਾਫ ਹੋ ਗਿਆ ਹੈ ਤੇ ਟੀਮ ਇੰਡੀਆ ਇਸ ‘ਚ ਵੱਡੇ ਫਰਕ ਨਾਲ ਜੇਤੂ ਰਹੀ।