ਆਸਟਰੇਲੀਆ ‘ਚ ਖੇਡੇ ਜਾ ਰਹੇ ਆਈ.ਸੀ.ਸੀ. ਟੀ-20 ਵਰਲਡ ਕੱਪ ਦੇ ਇਕ ਮੈਚ ‘ਚ ਵੱਡਾ ਉਲਟਫੇਰ ਕਰਦਿਆਂ ਆਇਰਲੈਂਡ ਨੇ ਇੰਗਲੈਂਡ ਨੂੰ ਹਰਾ ਦਿੱਤਾ। ਦੂਜੇ ਪਾਸੇ ਮੇਜ਼ਬਾਨ ਆਸਟਰੇਲੀਆ ਦੀ ਟੀਮ ਸ੍ਰੀਲੰਕਾ ਨੂੰ ਹਰਾ ਕੇ ਜੇਤੂ ਰਹੀ। ਮਾਰਕਸ ਸਟੋਇਨਿਸ ਦੀਆਂ 18 ਗੇਂਦਾਂ ‘ਚ ਅਜੇਤੂ 59 ਦੌੜਾਂ ਦੀ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਸੁਪਰ 12 ਗੇੜ ‘ਚ ਗਰੁੱਪ ਇਕ ਦੇ ਮੈਚ ‘ਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ‘ਚ ਜ਼ਬਰਦਸਤ ਵਾਪਸੀ ਕੀਤੀ। ਮੈਨ ਆਫ ਦਿ ਮੈਚ ਸਟੋਇਨਿਸ ਨੇ ਆਪਣੀ ਪਾਰੀ ‘ਚ ਚਾਰ ਚੌਕੇ ਅਤੇ ਛੇ ਛੱਕੇ ਜੜੇ ਜੜ ਕੇ ਮੈਚ ਦਾ ਰੁਖ ਪੂਰੀ ਤਰ੍ਹਾਂ ਨਾਲ ਆਸਟਰੇਲੀਆ ਵੱਲ ਮੋੜ ਦਿੱਤਾ। ਇਹ ਆਸਟਰੇਲੀਆ ਵੱਲੋਂ ਟੀ-20 ‘ਚ ਸਭ ਤੋਂ ਤੇਜ਼ ਅਰਧ ਸੈਂਕੜੇ ਹੈ। ਸ੍ਰੀਲੰਕਾ ਨੇ ਚਰਿਥ ਅਸਲੰਕਾ ਦੀਆਂ ਅਜੇਤੂ 38 ਦੌੜਾਂ ਦੀ ਪਾਰੀ ਦੇ ਦਮ ‘ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੇ ਵਿਕਟਾਂ ‘ਤੇ 157 ਦੌੜਾਂ ਬਣਾਈਆਂ। ਆਸਟਰੇਲੀਆ ਨੇ 16.3 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਕਪਤਾਨ ਐਰੋਨ ਫਿੰਚ 31 ਦੌੜਾਂ ਬਣਾ ਕੇ ਅਜੇਤੂ ਰਹੇ। ਫਿੰਚ ਨੇ ਆਪਣੀ 42 ਗੇਂਦਾਂ ਦੀ ਪਾਰੀ ਦੌਰਾਨ ਕਦੇ ਵੀ ਸਹਿਜ ਨਹੀਂ ਦਿਸਿਆ, ਜਦੋਂ ਕਿ ਸਟੋਇਨਿਸ ਨੇ ਜਿਵੇਂ ਹੀ ਕ੍ਰੀਜ਼ ‘ਤੇ ਕਦਮ ਰੱਖਿਆ ਤਾਂ ਤੇਜ਼ ਸ਼ਾਟ ਖੇਡੇ। ਉਸਨੇ ਆਪਣਾ ਅਰਧ ਸੈਂਕੜਾ 17 ਗੇਂਦਾਂ ‘ਚ ਪੂਰਾ ਕੀਤਾ ਜੋ ਯੁਵਰਾਜ ਸਿੰਘ ਤੋਂ ਬਾਅਦ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਸਟੋਇਨਿਸ ਅਤੇ ਫਿੰਚ ਨੇ 25 ਗੇਂਦਾਂ ‘ਚ 69 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਆਸਟਰੇਲੀਆ ਲਈ ਗਲੇਨ ਮੈਕਸਵੈੱਲ ਨੇ ਵੀ 12 ਗੇਂਦਾਂ ‘ਚ ਦੋ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਟੀ-20 ਵਰਲਡ ਕੱਪ ਦੇ ਸੁਪਰ 12 ਮੁਕਾਬਲੇ ‘ਚ ਇੰਗਲੈਂਡ ਤੇ ਆਇਰਲੈਂਡ ਦਰਮਿਆਨ ਮੈਲਬੋਰਨ ਕ੍ਰਿਕਟ ਗਰਾਊਂਡ ‘ਚ ਮੈਚ ਖੇਡਿਆ ਗਿਆ। ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਆਇਰਲੈਂਡ ਨੇ ਡਕਵਰਥ ਲੁਈਸ ਸਿਸਟਮ ਤਹਿਤ ਇੰਗਲੈਂਡ ਖ਼ਿਲਾਫ਼ 5 ਦੌੜਾਂ ਜਿੱਤ ਦਰਜ ਕੀਤੀ। ਆਇਰਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ 19.2 ਓਵਰ ‘ਚ 157 ਦੌੜਾਂ ‘ਤੇ ਆਊਟ ਹੋ ਗਈ। ਇਸ ਦੇ ਜਵਾਬ ‘ਚ ਇੰਗਲੈਂਡ ਨੇ ਜਦੋਂ 14.3 ਓਵਰ ‘ਚ 5 ਵਿਕਟਾਂ ‘ਤੇ 105 ਦੌੜਾਂ ਬਣਾਈਆਂ ਤਾਂ ਮੀਂਹ ਸ਼ੁਰੂ ਹੋ ਗਿਆ ਜਿਸ ਕਾਰਨ ਖੇਡ ਅੱਗੇ ਨਹੀਂ ਖੇਡਿਆ ਜਾ ਸਕਿਆ। ਡਕਵਰਥ ਲੁਈਸ ਸਿਸਟਮ ਅਨੁਸਾਰ ਇੰਗਲੈਂਡ ਨੂੰ ਜਿੱਤ ਲਈ 14.3 ਓਵਰਾਂ ‘ਚ 110 ਦੌੜਾਂ ਦੇ ਸਕੋਰ ਤੱਕ ਪਹੁੰਚਣਾ ਸੀ। ਨਿਰਧਾਰਤ ਸਮੇਂ ਤੱਕ ਮੀਂਹ ਨਾ ਰੁਕਣ ਤੋਂ ਬਾਅਦ ਮੈਚ ਰੱਦ ਕਰ ਦਿੱਤਾ ਗਿਆ ਅਤੇ ਆਇਰਲੈਂਡ ਪੰਜ ਦੌੜਾਂ ਨਾਲ ਜਿੱਤ ਗਿਆ। ਆਇਰਲੈਂਡ ਨੇ ਆਪਣੇ ਪੁਰਾਣੇ ਵਿਰੋਧੀ ਇੰਗਲੈਂਡ ਖ਼ਿਲਾਫ਼ ਟੀ-20 ਵਰਲਡ ਕੱਪ ‘ਚ ਪਹਿਲੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਚੋਟੀ ਦੇ ਟੂਰਨਾਮੈਂਟ ‘ਚ ਸਿਰਫ ਇਕ ਵਾਰ ਆਹਮੋ-ਸਾਹਮਣੇ ਹੋਈਆਂ ਸਨ ਜਿੱਥੇ ਮੀਂਹ ਕਾਰਨ ਮੈਚ ਰੱਦ ਕਰਨਾ ਪਿਆ ਸੀ। ਗਰੁੱਪ-ਏ ਦੇ ਮੈਚ ‘ਚ ਇੰਗਲੈਂਡ ਨੇ ਟਾਸ ਜਿੱਤ ਕੇ ਆਇਰਲੈਂਡ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਪਾਲ ਸਟਰਲਿੰਗ (14) ਦੇ ਸ਼ੁਰੂਆਤੀ ਵਿਕਟ ਡਿੱਗਣ ਤੋਂ ਬਾਅਦ ਬਲਬਰਨੀ ਨੇ ਲੋਕਰਾਨ ਟਕਰ ਨਾਲ 82 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਬਾਲਬਰਨੀ ਨੇ 47 ਗੇਂਦਾਂ ‘ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ ਜਦਕਿ ਟਕਰ ਨੇ 27 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ।
ਟੀ-20 ਵਰਲਡ ਕੱਪ: ਆਇਰਲੈਂਡ ਨੇ ਇੰਗਲੈਂਡ ਨੂੰ ਅਤੇ ਮੇਜ਼ਬਾਨ ਆਸਟਰੇਲੀਆ ਨੇ ਸ੍ਰੀਲੰਕਾ ਨੂੰ ਹਰਾਇਆ
Related Posts
Add A Comment