ਇੰਡੀਆ ਨੇ ਆਸਟਰੇਲੀਆ ਨੂੰ ਤਿੰਨ ਮੈਚਾਂ ਦੀ ਸੀਰੀਜ਼ ‘ਚ ਹਰਾ ਕੇ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਦੂਜੇ ਸਥਾਨ ‘ਤੇ ਕਾਬਜ ਇੰਗਲੈਂਡ ‘ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ ‘ਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਨਾਗਪੁਰ ‘ਚ ਸੀਰੀਜ਼ ‘ਚ ਬਰਾਬਰੀ ਹਾਸਲ ਕੀਤੀ ਅਤੇ ਹੈਦਰਾਬਾਦ ‘ਚ ਤੀਜਾ ਟੀ-20 ਅਤੇ ਸੀਰੀਜ਼ ਆਪਣੇ ਨਾਂ ਕਰ ਲਈ। ਇੰਡੀਆ ਨੂੰ ਇਸ ਜਿੱਤ ਦਾ ਫ਼ਾਇਦਾ ਆਈ.ਸੀ.ਸੀ. ਟੀ-20 ਰੈਂਕਿੰਗ ‘ਚ ਵੀ ਮਿਲਿਆ ਹੈ। ਆਈ.ਸੀ.ਸੀ. ਦੀ ਤਾਜ਼ਾ ਰੈਂਕਿੰਗ ‘ਚ ਇੰਡੀਆ ਨੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਪਹਿਲਾਂ ਤੋਂ ਹੀ ਚੋਟੀ ‘ਤੇ ਬਰਕਰਾਰ ਹੈ ਪਰ ਇਹ ਸੀਰੀਜ਼ ਜਿੱਤਣ ਦੇ ਬਾਅਦ ਇੰਡੀਆ ਨੇ ਦੂਜੇ ਸਥਾਨ ‘ਤੇ ਕਾਬਜ਼ ਇੰਗਲੈਂਡ ਤੋਂ ਆਪਣਾ ਫ਼ਾਸਲਾ ਵਧਾ ਦਿੱਤਾ ਹੈ। ਇੰਡੀਆ ਨੂੰ ਇਸ ਨਾਲ ਇਕ ਅੰਕ ਦਾ ਫ਼ਾਇਦਾ ਹੋਇਆ ਹੈ ਤੇ ਹੁਣ ਉਸ ਦੇ 268 ਅੰਕ ਹਨ ਜਦਕਿ ਇੰਗਲੈਂਡ ਉਸ ਤੋਂ 7 ਅੰਕ ਪਿੱਛੇ ਹੈ। ਇੰਡੀਆ ਨੂੰ ਹੁਣ ਦੱਖਣੀ ਅਫਰੀਕਾ ਨਾਲ ਸੀਰੀਜ਼ ਖੇਡਣੀ ਹੈ ਜਿਸ ਨਾਲ ਇੰਡੀਆ ਨੂੰ ਚੋਟੀ ‘ਤੇ ਆਪਣੀ ਜਗ੍ਹਾ ਹੋਰ ਪੁਖ਼ਤਾ ਕਰਨ ਦਾ ਮੌਕਾ ਮਿਲੇਗਾ। ਦੱਖਣੀ ਅਫਰੀਕਾ 258 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ ਤੇ ਉਹ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੇ ਜ਼ਰੀਏ ਆਪਣੀ ਰੈਂਕਿੰਗ ਬਿਹਤਰ ਕਰ ਸਕਦਾ ਹੈ। ਪਾਕਿਸਤਾਨ ਨੇ ਇੰਗਲੈਂਡ ਨੂੰ ਕਰਾਚੀ ‘ਚ ਚੌਥੇ ਟੀ-20 ‘ਚ ਹਰਾ ਕੇ ਇੰਡੀਆ ਨੂੰ ਇੰਗਲੈਂਡ ‘ਤੇ ਬੜ੍ਹਤ ਪੱਕੀ ਕਰਨ ‘ਚ ਮਦਦ ਕੀਤੀ। ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੋਵੇਂ ਤੀਜੇ ਸਥਾਨ ‘ਤੇ ਹਨ।