ਇੰਡੀਆ ਤੇ ਸ੍ਰੀਲੰਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਇੰਡੀਆ ਨੇ ਆਪਣੇ ਨਾਂ ਕਰ ਲਿਆ। ਲੜੀ ਦਾ ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ ਜਿਸ’ਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ। 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦਾ ਟੀਮ 20 ਓਵਰਾਂ ‘ਚ 160 ਦੌੜਾਂ ਹੀ ਬਣਾ ਸਕੀ। ਇੰਝ ਇੰਡੀਆ ਨੇ ਇਹ ਮੁਕਾਬਲਾ 2 ਦੌੜਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਡੀਆ ਨੇ ਦੀਪਕ ਹੁੱਡਾ ਦੀ 41 ਅਤੇ ਅਕਸਰ ਪਟੇਲ ਦੀ 31 ਦੌੜਾਂ ਦੀਆਂ ਅਜੇਤੂ ਪਾਰੀਆਂ ਸਦਕਾ 5 ਵਿਕਟਾਂ ਦੇ ਨੁਕਸਾਨ ‘ਤੇ 162 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 37 ਅਤੇ ਕਪਤਾਨ ਹਾਰਦਿਕ ਪੰਡਯਾ ਨੇ ਵੀ 29 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਵਨਿੰਦੂ ਹਸਰੰਗਾ 21, ਭਨੁਸ਼ਕਾ ਰਾਜਪਾਸਕਾ 10, ਕੁਸ਼ਲ ਮੈਂਡਿਸ 28, ਪਥੁਮ ਨਿਸੰਕਾ 1, ਧੰਨਜੇ ਡਿਸਿਲਵਾ 8 ਅਤੇ ਚਰਿਥ ਅਸਲੰਕਾ 12 ਦੌੜਾਂ ਬਣਾ ਕੇ ਆਉਟ ਹੋ ਗਏ। ਭਾਰਤੀ ਗੇਂਦਬਾਜ਼ ਸ਼ਿਵਮ ਮਾਵੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਹਰਸ਼ਲ ਪਟੇਲ ਤੇ ਉਮਰਾਨ ਮਲਿਕ ਨੂੰ 2-2 ਵਿਕਟਾਂ ਮਿਲੀਆਂ ਹਨ। ਸ੍ਰੀਲੰਕਾ ਨੂੰ ਅਖੀਰਲੀ ਗੇਂਦ ‘ਤੇ 4 ਦੌੜਾਂ ਦੀ ਲੋੜ ਸੀ। ਸ੍ਰੀਲੰਕਾ ਦੇ ਬੱਲੇਬਾਜ਼ ਇਸ ਗੇਂਦ ‘ਤੇ ਚੌਕਾ ਨਹੀ ਜੜ ਸਕੇ ਅਤੇ ਮੈਚ ਗੁਆ ਬੈਠੇ।