ਇੰਡੀਆ ਦੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਇੰਡੀਆ ਨੇ 5 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਟੀ-20 ਅੰਤਰਰਾਸ਼ਟਰੀ ’ਚ ਵੈਸਟ ਇੰਡੀਜ਼ ਨੂੰ 68 ਦੌਡ਼ਾਂ ਨਾਲ ਹਰਾ ਕੇ 1-0 ਦੀ ਬਡ਼੍ਹਤ ਹਾਸਲ ਕੀਤੀ। ਦੌਡ਼ਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਵੈਸਟ ਇੰਡੀਜ਼ ’ਤੇ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਟੀਮ ਨੇ ਇਸ ਤੋਂ ਪਹਿਲਾਂ 6 ਨਵੰਬਰ 2018 ਨੂੰ ਲਖਨਊ ’ਚ ਵੈਸਟ ਇੰਡੀਜ਼ ਨੂੰ 71 ਦੌਡ਼ਾਂ ਨਾਲ ਹਰਾਇਆ ਸੀ। ਰੋਹਿਤ ਨੇ 44 ਗੇਂਦਾਂ ਦੀ ਪਾਰੀ ’ਚ 7 ਚੌਕੇ ਅਤੇ 2 ਛੱਕੇ ਜਡ਼ ਕੇ 64 ਦੌਡ਼ਾਂ ਬਣਾਈਆਂ ਉਥੇ ਹੀ ‘ਮੈਨ ਆਫ ਦਿ ਮੈਚ’ ਕਾਰਤਿਕ ਨੇ 19 ਗੇਂਦਾਂ ਦੀ ਤਾਬਡ਼-ਤੋਡ਼ ਅਜੇਤੂ ਪਾਰੀ ’ਚ 4 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 41 ਦੌਡ਼ਾਂ ਬਣਾਈਆਂ। ਇੰਡੀਆ ਨੇ 6 ਵਿਕਟਾਂ ’ਤੇ 190 ਦੌਡ਼ਾਂ ਦਾ ਸਕੋਰ ਖਡ਼੍ਹਾ ਕਰਨ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਨੂੰ 8 ਵਿਕਟਾਂ ’ਤੇ 122 ਦੌਡ਼ਾਂ ’ਤੇ ਰੋਕ ਦਿੱਤਾ। ਭਾਰਤੀ ਗੇਂਦਬਾਜ਼ ਲਗਾਤਾਰ ਅੰਤਰਾਲ ’ਤੇ ਵਿਕਟ ਲੈਂਦੇ ਰਹੇ ਅਤੇ ਕਿਸੇ ਵੀ ਗੇਂਦਬਾਜ਼ ਨੇ 6.50 ਦੀ ਔਸਤ ਤੋਂ ਜ਼ਿਆਦਾ ਦੌਡ਼ਾਂ ਨਹੀਂ ਦਿੱਤੀਆਂ। ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ ਅਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ।