ਪਾਕਿਸਤਾਨੀ ਕ੍ਰਿਕਟ ਟੀਮ ਨੇ ਟੀ-20 ਤਿਕੋਣੀ ਸੀਰੀਜ਼ 2022 ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਖ਼ਿਲਾਫ਼ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਆਖਰੀ ਸਮੇਂ ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਜਿੱਤ ਲਿਆ ਪਰ ਇਸ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸਗੋਂ ਮੈਚ ਕੁਝ ਸਮੇਂ ਲਈ ਰੁਕਣ ਕਾਰਨ ਕ੍ਰੀਜ਼ ‘ਤੇ ਖੜ੍ਹੇ ਨਿਊਜ਼ੀਲੈਂਡ ਦੇ ਬੱਲੇਬਾਜ਼ ਦੀ ਲੈਅ ਵੀ ਤੋੜ ਦਿੱਤੀ। ਹੋਇਆ ਅਜਿਹਾ ਕਿ ਜਦੋਂ ਨਿਊਜ਼ੀਲੈਂਡ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਪਾਕਿਸਤਾਨ ਵੱਲੋਂ ਮੁਹੰਮਦ ਨਵਾਜ਼ 11ਵਾਂ ਓਵਰ ਸੁੱਟਣ ਆਏ। ਜਿਵੇਂ ਹੀ ਨਵਾਜ਼ ਨੇ ਓਵਰ ਦੀ 5ਵੀਂ ਗੇਂਦ ਸੁੱਟੀ, ਵਿਕਟਕੀਪਰ ਬੱਲੇਬਾਜ਼ ਡੇਵੋਨ ਕਾਨਵੇ ਨੇ ਚੌਕਾ ਜੜ ਦਿੱਤਾ। ਪਰ ਉਸੇ ਸਮੇਂ ਇਕ ਕ੍ਰਿਕਟ ਪ੍ਰੇਮੀ ਅਚਾਨਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ ਵੱਲ ਭੱਜਿਆ। ਉਸ ਆਦਮੀ ਨੇ ਸਿਰਫ ਟੀ-ਸ਼ਰਟ ਪਾਈ ਹੋਈ ਸੀ ਅਤੇ ਕ੍ਰੀਜ਼ ਵੱਲ ਭੱਜਣ ਲੱਗਾ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟੀ-ਸ਼ਰਟ ਵੀ ਲਾਹ ਦਿੱਤੀ। ਅਚਾਨਕ ਮੈਦਾਨ ‘ਤੇ ਆ ਕੇ ਸਭ ਨੂੰ ਹੈਰਾਨ ਕਰਨ ਵਾਲੇ ਇਸ ਵਿਅਕਤੀ ਦੀ ਲਾਪਰਵਾਹੀ ਕਾਰਨ ਮੈਚ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਜਦੋਂ ਤੱਕ ਸੁਰੱਖਿਆ ਕਰਮਚਾਰੀ ਉਸ ਨੂੰ ਕਾਬੂ ਕਰਦੇ, ਉਦੋਂ ਤੱਕ ਉਹ ਆਪਣੇ ਸਾਰੇ ਕੱਪੜੇ ਉਤਾਰ ਚੁੱਕਾ ਸੀ। ਸੁਰੱਖਿਆ ਕਰਮਚਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਵਿਅਕਤੀ ਨੂੰ ਫੜ ਕੇ ਮੈਦਾਨ ਤੋਂ ਬਾਹਰ ਕੱਢਿਆ। ਇਸ ਘਟਨਾ ਕਾਰਨ ਕਰੀਬ 5 ਮਿੰਟ ਦਾ ਸਮਾਂ ਬਰਬਾਦ ਹੋਇਆ।