ਭਾਰਤੀ ਟੀਮ ਦਾ ਕਪਤਾਨ ਬਣਨ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਪਹਿਲੇ ਹੀ ਮੈਚ ’ਚ ਇਤਿਹਾਸ ਰਚਦੇ ਹੋਏ ਇਕ ਖ਼ਾਸ ਉਪਲਬਧੀ ਹਾਸਲ ਕੀਤੀ ਹੈ। ਉਹ ਟੀ-20 ਕ੍ਰਿਕਟ ’ਚ ਵਿਕਟ ਝਟਕਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ। ਟੀਮ ਇੰਡੀਆ ਦੀ ਕਮਾਨ ਸੰਭਾਲਣ ਤੋਂ ਬਾਅਦ ਹਾਰਦਿਕ ਨੇ ਅੱਠਵੀਂ ਗੇਂਦ ’ਚ ਹੀ ਵਿਕਟ ਹਾਸਲ ਕੀਤੀ ਤੇ ਇਹ ਖ਼ਾਸ ਉਪਲਬਧੀ ਆਪਣੇ ਨਾਂ ਕੀਤੀ। ਉਨ੍ਹਾਂ ਨੇ ਕਪਤਾਨ ਬਣ ਕੇ ਖੇਡਦੇ ਹੋਏ ਵਿਕਟ ਹਾਸਲ ਕੀਤੀ। ਮੈਚ ਦੀ ਪਹਿਲੀ ਪਾਰੀ ਦੇ ਦੂਜੇ ਓਵਰ ’ਚ ਖ਼ੁਦ ਹਾਰਦਿਕ ਗੇਂਦਬਾਜ਼ੀ ਕਰ ਰਹੇ ਸਨ ਤੇ ਓਵਰ ਦੀ ਦੂਜੀ ਗੇਂਦ ’ਚ ਹੀ ਉਨ੍ਹਾਂ ਨੇ ਪਾਲ ਸਟਰਲਿੰਗ ਨੂੰ ਆਊਟ ਕਰਕੇ ਇੰਡੀਆ ਨੂੰ ਦੂਜੀ ਸਫਲਤਾ ਦਿਵਾਈ। ਹਾਰਦਿਕ ਹੁਣ ਸੀ.ਕੇ. ਨਾਇਡੂ ਤੇ ਬਿਸ਼ਨ ਸਿੰਘ ਬੇਦੀ ਦੇ ਖ਼ਾਸ ਕਲੱਬ ’ਚ ਸ਼ਾਮਲ ਹੋ ਗਏ ਹਨ। ਸੀ.ਕੇ. ਨਾਇਡੂ ਨੇ 1932 ’ਚ ਇੰਡੀਆ ਦੀ ਟੈਸਟ ਟੀਮ ਦੀ ਕਪਤਾਨੀ ਕਰਦੇ ਹੋਏ ਵਿਕਟ ਲਿਆ ਸੀ ਤੇ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਸਨ। ਇਸ ਤੋਂ ਬਾਅਦ ਬਿਸ਼ਨ ਸਿੰਘ ਬੇਦੀ 1976 ’ਚ ਇੰਡੀਆ ਦੀ ਵਨ-ਡੇ ਟੀਮ ਦੇ ਕਪਤਾਨ ਸਨ ਤੇ ਉਨ੍ਹਾਂ ਨੇ ਵਿਕਟ ਲਿਆ ਸੀ। ਉਹ ਵਨ-ਡੇ ’ਚ ਬਤੌਰ ਕਪਤਾਨ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਹਨ। ਹੁਣ ਹਾਰਦਿਕ ਪਾਂਡਿਆ ਟੀ-20 ’ਚ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ।