ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ‘ਤੇ ਜਾਨਲੇਵਾ ਹਮਲਾ ਹੋਇਆ ਹੈ ਜਿਸ ‘ਚ ਉਹ ਵਾਲ-ਵਾਲ ਬਚ ਗਈ। ਜਾਣਕਾਰੀ ਮੁਤਾਬਕ ਨਿਊਜ਼ ਐਂਕਰ ਮਾਰਵੀਆ ਮਲਿਕ ‘ਤੇ ਲਾਹੌਰ ‘ਚ ਉਨ੍ਹਾਂ ਦੇ ਘਰ ਦੇ ਬਾਹਰ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਰਵੀਆ ਮਲਿਕ ਇਕ ਫਾਰਮੇਸੀ ਤੋਂ ਵਾਪਸ ਆ ਰਹੀ ਸੀ। ਉਸੇ ਸਮੇਂ ਦੋ ਹਮਲਾਵਰਾਂ ਨੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ‘ਚ ਉਹ ਵਾਲ-ਵਾਲ ਬਚ ਗਈ। ਰਿਪੋਰਟ ਮੁਤਾਬਕ ਮਲਿਕ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਲਈ ਆਵਾਜ਼ ਉਠਾਉਣ ਲਈ ਉਸ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੇ ਫੋਨ ਕਾਲ ਅਤੇ ਮੈਸੇਜ ਮਿਲ ਰਹੇ ਸਨ। ਮਾਰਵੀਆ ਮਲਿਕ ਆਪਣੀ ਜਾਨ ਦੇ ਡਰੋਂ ਲਾਹੌਰ ਛੱਡ ਕੇ ਇਸਲਾਮਾਬਾਦ ਅਤੇ ਮੁਲਤਾਨ ‘ਚ ਸ਼ਿਫਟ ਹੋ ਗਈ ਸੀ। 2018 ‘ਚ ਉਹ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣੀ। ਮਾਰਵੀਆ ਨੇ ਕਿਹਾ ਕਿ ਟਰਾਂਸਜੈਂਡਰਾਂ ਦੇ ਅਧਿਕਾਰਾਂ ਦੀ ਆਵਾਜ਼ ਉਠਾਉਣ ਕਰਕੇ ਉਸ ‘ਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਫਾਰਮੇਸੀ ਤੋਂ ਘਰ ਪਰਤ ਰਹੀ ਸੀ ਤਾਂ ਉਸ ਸਮੇਂ ਦੋ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਉਸ ਨੂੰ ਕੋਈ ਸੱਟ ਨਹੀਂ ਲੱਗੀ। ਜਾਣਕਾਰੀ ਮੁਤਾਬਕ ਉਹ ਕੁਝ ਦਿਨ ਪਹਿਲਾਂ ਸਰਜਰੀ ਲਈ ਲਾਹੌਰ ਪਰਤੀ ਸੀ। ਮਾਰਵੀਆ ਮਲਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਲ 2018 ‘ਚ ਉਹ ਪਾਕਿਸਤਾਨ ਦੇ ਨਿਊਜ਼ ਚੈਨਲ ‘ਕੋਹੇ-ਨੂਰ’ ਵਿੱਚ ਬਤੌਰ ਐਂਕਰ ਸ਼ਾਮਲ ਹੋਈ। ਉਸ ਨੂੰ ਪਹਿਲੀ ਵਾਰ 23 ਮਾਰਚ ਨੂੰ ਪਾਕਿਸਤਾਨ ਦਿਵਸ ਮੌਕੇ ਖ਼ਬਰਾਂ ਪੜ੍ਹਦੇ ਦੇਖਿਆ ਗਿਆ ਸੀ।