ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਤੀਜੀ ਵਾਰ ਵ੍ਹਾਈਟ ਹਾਊਸ ਲਈ ਚੋਣ ਲੜਨਗੇ। ਉਨ੍ਹਾਂ ਨੇ ਮੱਧਕਾਲੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਮਾਰ-ਏ-ਲਾਗੋ ਕਲੱਬ ਸਮੇਤ ਹੋਰ ਮਾਮਲਿਆਂ ‘ਚ ਆਪਣੇ ਵਿਰੁੱਧ ਚੱਲ ਰਹੀ ਕਾਨੂੰਨੀ ਜਾਂਚ ਦੇ ਵਿਚਕਾਰ ਇਹ ਐਲਾਨ ਕੀਤਾ। ਹਾਲਾਂਕਿ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਰਿਪਬਲਿਕਨ ਪਾਰਟੀ 2020 ਦੀਆਂ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਨ ਵਾਲੇ ਟਰੰਪ ਨੂੰ ਆਪਣਾ ਉਮੀਦਵਾਰ ਮੰਨੇਗੀ ਜਾਂ ਨਹੀਂ। ਟਰੰਪ ਦਾ ਕਹਿਣਾ ਹੈ ਕਿ ਚੀਨ ਅਤੇ ਰੂਸੀ ਨੇਤਾਵਾਂ ਨੇ ਮੇਰਾ ਸਨਮਾਨ ਕੀਤਾ ਹੈ। ਰੂਸ ਅਤੇ ਚੀਨ ਪਹਿਲਾਂ ਅਮਰੀਕਾ ਦਾ ਸਨਮਾਨ ਕਰਦੇ ਸਨ। ਉੱਤਰੀ ਕੋਰੀਆ ਨੇ ਤਿੰਨ ਸਾਲ ਪਹਿਲਾਂ ਉਨ੍ਹਾਂ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਕੋਈ ਵੀ ਮਿਜ਼ਾਈਲ ਨਹੀਂ ਛੱਡੀ ਹੈ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ ਅਮਰੀਕਾ ਇਕ ਸ਼ਾਨਦਾਰ ਭਵਿੱਖ ਦੀ ਰਾਹ ‘ਤੇ ਸੀ, ਦੂਜੇ ਰਾਸ਼ਟਰਪਤੀਆਂ ਦੇ ਉਲਟ, ਮੈਂ ਆਪਣੇ ਵਾਅਦੇ ਪੂਰੇ ਕੀਤੇ ਹਨ। ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ਅਤੇ ਉਨ੍ਹਾਂ ਦੇ ਕਥਿਤ ਭੜਕਾਊ ਭਾਸ਼ਣਾਂ ਦੇ ਵਿਚਕਾਰ 6 ਜਨਵਰੀ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਅਮਰੀਕੀ ਸੰਸਦ ਭਵਨ ‘ਚ ਕਥਿਤ ਤੌਰ ‘ਤੇ ਹਿੰਸਾ ਕੀਤੀ ਸੀ। ਪਾਮ ਬੀਚ ਸਥਿਤ ਮਾਰ-ਏ-ਲਾਗੋ ਕਲੱਬ ‘ਚ 30 ਅਮਰੀਕਨ ਝੰਡਿਆਂ ਅਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਨਾਅਰੇ ਵਾਲੇ ਬੈਨਰ ਵਿਚਕਾਰ ਖੜ੍ਹੇ ਟਰੰਪ ਨੇ ਆਪਣੇ ਹਜ਼ਾਰਾਂ ਸਮਰਥਕਾਂ, ਕਲੱਬ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਅੱਜ ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਕਰ ਰਿਹਾ ਹਾਂ।’ ਟਰੰਪ ਨੇ ਆਪਣੇ ਸਿਆਸੀ ਸਫ਼ਰ ਦੇ ਬੇਹੱਦ ਨਾਜ਼ੁਕ ਦੌਰ ‘ਚ ਇਕ ਵਾਰ ਫਿਰ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਮੱਧਕਾਲੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੀ ਜਿੱਤ ਦੇ ਵਿਚਕਾਰ ਆਪਣੀ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਟਰੰਪ ਦੇ ਸਮਰਥਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਦੀ ਹਾਰ ਕਾਰਨ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਰਿਪਬਲਿਕਨ ਪਾਰਟੀ ‘ਚ ਟਰੰਪ ਦੀ ਹਮਾਇਤ ਲਗਾਤਾਰ ਘਟ ਰਹੀ ਹੈ। ਹਾਲ ਹੀ ਦੇ ਮਹੀਨਿਆਂ ‘ਚ ਉਨ੍ਹਾਂ ਨੂੰ ਆਪਣੇ ਕੁਝ ਸਹਿਯੋਗੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਇਹ ਰਿਪਬਲਿਕਨ ਪਾਰਟੀ ਲਈ ਭਵਿੱਖ ਵੱਲ ਵੇਖਣ ਦਾ ਸਮਾਂ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਪਾਰਟੀ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਪਹਿਲੀ ਪਸੰਦ ਵਜੋਂ ਉਭਰ ਰਹੇ ਹਨ।