ਫੈਡਰਲ ਬਿਊਰ ਆਫ ਇਨਵੈਸਟੀਗੇਸ਼ਨ ਨੇ ਕਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਤੋਂ ਬਰਾਮਦ ਕੀਤੇ ਗਏ 15 ਬਕਸਿਆਂ ‘ਚੋਂ 14 ‘ਚ ਗੁਪਤ ਦਸਤਾਵੇਜ਼ ਸਨ। ਐੱਫ.ਬੀ.ਆਈ. ਨੇ ਇਸ ਮਹੀਨੇ ਟਰੰਪ ਦੇ ਮਾਰ-ਏ-ਲਾਗੋ ਰਿਹਾਇਸ਼ ‘ਤੇ ਛਾਪੇ ਮਾਰਨ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਸ਼ੁੱਕਰਵਾਰ ਨੂੰ ਇਕ ਹਲਫਨਾਮਾ ਜਾਰੀ ਕੀਤਾ। ਐੱਫ.ਬੀ.ਆਈ. ਦੇ ਇਸ 32 ਪੰਨਿਆਂ ਦੇ ਹਲਫਨਾਮੇ ‘ਚ ਅਪਰਾਧਿਕ ਜਾਂਚ ਨੂੰ ਲੈ ਕੇ ਵਾਧੂ ਜਾਣਕਾਰੀਆਂ ਹਨ। ਇਸ ‘ਚ ਕਿਹਾ ਗਿਆ ਹੈ ਕਿ ਮਾਰ-ਏ-ਲਾਗੋ ਸਥਿਤ ਰਿਹਾਇਸ਼ ਤੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ। ਦਸਤਾਵੇਜ਼ਾਂ ‘ਚ ਜਾਂਚ ਦਾ ਸਭ ਤੋਂ ਮਹੱਤਵਪੂਰਨ ਵੇਰਵੇ ਪੇਸ਼ ਕੀਤਾ ਗਿਆ ਹੈ। ਪਰ ਐੱਫ.ਬੀ.ਆਈ. ਅਧਿਕਾਰੀਆਂ ਨੇ ਇਸ ‘ਚ ਕੁਝ ਬਦਲਾਅ ਵੀ ਕੀਤੇ ਹਨ ਤਾਂ ਕਿ ਗਵਾਹਾਂ ਦੇ ਪਛਾਣ ਦਾ ਖੁਲਾਸਾ ਨਾ ਹੋ ਸਕੇ ਅਤੇ ਜਾਂਚ ਦੇ ਸੰਵੇਦਨਸ਼ੀਲ ਤੌਰ-ਤਰੀਕਿਆਂ ਦਾ ਵੀ ਖੁਲਾਸਾ ਨਾ ਕੀਤਾ ਜਾਵੇ। ਐੱਫ.ਬੀ.ਆਈ. ਨੇ ਇਕ ਜੱਜ ਨੂੰ ਇਹ ਹਲਫਨਾਮਾ ਦਿੱਤਾ ਤਾਂ ਕਿ ਉਹ ਟਰੰਪ ਦੀ ਰਿਹਾਇਸ਼ ‘ਤੇ ਛਾਪੇ ਦਾ ਵਾਰੰਟ ਹਾਸਲ ਕਰ ਸਕੇ। ਇਸ ਹਲਫਨਾਮੇ ‘ਚ ਉਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਕਿ ਟਰੰਪ ਵ੍ਹਾਈਟ ਹਾਊਸ ਤੋਂ ਜਾਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਨੂੰ ਆਪਣੇ ਨਾਲ ਮਾਰ-ਏ-ਲਾਗੋ ਰਿਹਾਇਸ਼ ਕਿਉਂ ਲੈ ਕੇ ਗਏ ਅਤੇ ਟਰੰਪ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਇਹ ਦਸਤਾਵੇਜ਼ ਨੈਸ਼ਨਲ ਆਰਕਾਈਵਜ਼ ਅਤੇ ਰਿਕਾਰਡ ਬਿਊਰੋ ਨੂੰ ਕਿਉਂ ਨਹੀਂ ਦਿੱਤੇ।