ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਬ੍ਰਾਜ਼ੀਲ ਦੀ ਬੀਟਰਿਜ਼ ਹਦਾਦ ਮਾਈਆ ਨੂੰ ਹਰਾ ਕੇ ਟੋਰਾਂਟੋ ਓਪਨ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਰੋਮਾਨੀਆ ਦੀ ਹਾਲੇਪ ਨੇ ਆਪਣੀ ਬ੍ਰਾਜ਼ੀਲ ਦੀ ਵਿਰੋਧੀ ਖਿਡਾਰਨ ਨੂੰ 6-3, 2-6, 6-3 ਨਾਲ ਹਰਾ ਕੇ ਡਬਲਿਊ.ਟੀ.ਏ. ਰੈਂਕਿੰਗ ਦੀਆਂ ਸਿਖਰਲੀਆਂ 10 ਖਿਡਾਰਨਾਂ ‘ਚ ਵਾਪਸੀ ਕੀਤੀ। ਹਾਲੇਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਹਦਾਦ ਮਾਈਆ ਖ਼ਿਲਾਫ਼ ਖੇਡਣਾ ਕਦੇ ਵੀ ਆਸਾਨ ਨਹੀਂ ਹੁੰਦਾ। ਉਸ ਨੇ ਕੁਝ ਹਫ਼ਤੇ ਪਹਿਲਾਂ ਮੈਨੂੰ ਹਰਾਇਆ ਸੀ। ਮੈਨੂੰ ਪਤਾ ਸੀ ਕਿ ਇਹ ਚੰਗੀ ਚੁਣੌਤੀ ਅਤੇ ਚੰਗਾ ਮੈਚ ਹੋਵੇਗਾ। ਮੈਂ ਸੱਚਮੁੱਚ ਖੁਸ਼ ਹਾਂ ਕਿ ਮੈਂ ਅਹਿਮ ਪਲਾਂ ‘ਚ ਮਜ਼ਬੂਤ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ।’ ਹਾਲੇਪ ਨੇ ਕੈਨੇਡਾ ‘ਚ ਆਪਣੀ ਜਿੱਤ ਨਾਲ ਤੀਜੀ ਵਾਰ ਨੈਸ਼ਨਲ ਬੈਂਕ ਓਪਨ ਦਾ ਖ਼ਿਤਾਬ ਜਿੱਤਿਆ। ਟੋਰਾਂਟੋ ‘ਚ ਹਾਲੇਪ ਦੀ ਇਹ ਪਹਿਲੀ ਜਿੱਤ ਹੈ ਜਦਕਿ ਉਸ ਨੇ ਪਿਛਲੇ ਨੈਸ਼ਨਲ ਬੈਂਕ ਓਪਨ ਖ਼ਿਤਾਬ ਮਾਂਟਰੀਅਲ ‘ਚ ਜਿੱਤੇ ਸਨ।