ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ ਹਰਾ ਕੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੌਥੀ ਵਾਰ ਟੋਰਾਂਟੋ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ। ਦੋ ਵਾਰ ਦੀ ਨੈਸ਼ਨਲ ਬੈਂਕ ਓਪਨ ਚੈਂਪੀਅਨ ਹਾਲੇਪ ਨੇ ਆਪਣੀ ਅਮਰੀਕਨ ਵਿਰੋਧੀ ਨੂੰ 2-6, 6-3, 6-4 ਨਾਲ ਹਰਾਇਆ। ਜਨਵਰੀ ‘ਚ ਮੈਲਬੋਰਨ 250 ਜਿੱਤਣ ਤੋਂ ਬਾਅਦ ਟੋਰਾਂਟੋ ਓਪਨ ਹਾਲੇਪ ਦਾ ਪਹਿਲਾ ਫਾਈਨਲ ਹੈ। ਨਾਲ ਹੀ 2020 ‘ਚ ਰੋਮ ‘ਚ ਜਿੱਤ ਤੋਂ ਬਾਅਦ ਸਾਬਕਾ ਨੰਬਰ ਇਕ ਲਈ ਇਹ ਸਭ ਤੋਂ ਵੱਡਾ ਫਾਈਨਲ ਵੀ ਹੈ। ਇਹ ਜਿੱਤ ਯਕੀਨੀ ਬਣਾਉਂਦੀ ਹੈ ਕਿ ਹਾਲੇਪ ਡਬਲਿਊ.ਟੀ.ਏ. ਟੂਰ ਰੈਂਕਿੰਗ ਦੇ ਸਿਖਰਲੇ 10 ‘ਚ ਵਾਪਸ ਆ ਜਾਵੇਗੀ। ਪਹਿਲੀ ਵਾਰ ਹਾਲੇਪ ਦਾ ਸਾਹਮਣਾ ਕਰਨ ਵਾਲੀ ਪੇਗੁਲਾ ਨੇ ਆਪਣੀ ਫਲੈਟ ਬੇਸਲਾਈਨ ਗੇਮ ਅਤੇ ਨੈੱਟ ‘ਤੇ ਹੁਨਰਮੰਦ ਪ੍ਰਦਰਸ਼ਨ ਨਾਲ ਸ਼ੁਰੂਆਤੀ ਸੈੱਟ ਆਪਣੇ ਨਾਂ ਕੀਤਾ। ਹਾਲੇਪ ਬੇਸਲਾਈਨ ‘ਤੇ ਸੰਘਰਸ਼ ਕਰਦੀ ਦਿਖਾਈ ਦਿੱਤੀ ਅਤੇ ਉਸਦਾ ਭਰੋਸੇਮੰਦ ਬੈਕਹੈਂਡ ਅਕਸਰ ਟੁੱਟਦਾ ਰਿਹਾ ਪਰ ਉਸਨੇ ਗੇਂਦ ਨੂੰ ਪੇਗੁਲਾ ਦੀ ਪਹੁੰਚ ਤੋਂ ਦੂਰ ਰੱਖਣ ਲਈ ਬਿਹਤਰ ਸਪਿਨ ਦੀ ਵਰਤੋਂ ਕੀਤੀ ਤੇ ਬਾਜ਼ੀ ਮਾਰ ਲਈ। ਹਾਲੇਪ ਨੇ ਜਿੱਤ ਤੋਂ ਬਾਅਦ ਕਿਹਾ, ‘ਮੈਂ ਆਪਣੀ ਰਣਨੀਤੀ ਥੋੜ੍ਹੀ ਬਦਲੀ ਹੈ। ਪਹਿਲੇ ਸੈੱਟ ‘ਚ ਮੈਚ ਥੋੜ੍ਹਾ-ਬਹੁ ਤੇਜ਼ ਸੀ। ਉਹ ਗੇਂਦ ਨੂੰ ਜ਼ੋਰ ਨਾਲ ਹਿੱਟ ਕਰ ਰਹੀ ਸੀ ਅਤੇ ਮੈਨੂੰ ਲੈਅ ਨਹੀਂ ਮਿਲ ਰਹੀ ਸੀ। ਫਿਰ ਮੈਂ ਸ਼ਾਂਤ ਹੋ ਗਈ ਅਤੇ ਉਨ੍ਹਾਂ ਨੂੰ ਥੋੜ੍ਹਾ ਹੋਰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ।’ ਫਾਈਨਲ ‘ਚ ਹਾਲੇਪ ਦਾ ਸਾਹਮਣਾ ਬ੍ਰਾਜ਼ੀਲ ਦੀ ਬੀਟ੍ਰੀਜ਼ ਹਦਾਦ ਮਾਈਆ ਨਾਲ ਹੋਵੇਗਾ।