ਆਲ ਪੰਜਾਬ ਟਰੱਕ ਏਕਤਾ ਦੇ ਬੈਨਰ ਹੇਠ ਪੰਜਾਬ ਭਰ ਦੀਆਂ ਸੈਂਕੜੇ ਟਰੱਕ ਯੂਨੀਅਨਾਂ ਨਾਲ ਸਬੰਧਤ ਹਜ਼ਾਰਾਂ ਟਰੱਕ ਅਪਰੇਟਰਾਂ ਨੇ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਟਰੱਕ ਟਰਾਂਸਪੋਰਟ ਦੇ ਕੰਮਾਂ ਦੇ ਟੈਂਡਰ ਸਿੱਧੇ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਸਬੰਧੀ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ‘ਤੇ ਸ਼ੰਭੂ ਬੈਰੀਅਰ ‘ਤੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਦਾ ਸੂਬਾ ਪੱਧਰੀ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਮੁੱਖ ਸੜਕ ‘ਤੇ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਤੇ ਹਰਿਆਣਾ ਵੱਲ ਆਉਣ-ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਜਾਣਾ ਪਿਆ। ਪੁਲੀਸ ਕਪਤਾਨ ਹਰਵੀਰ ਸਿੰਘ ਅਟਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਫੋਰਸ ਮੌਕੇ ‘ਤੇ ਤਾਇਨਾਤ ਹੈ। ਇਸ ਮੌਕੇ ਆਲ ਪੰਜਾਬ ਟਰੱਕ ਏਕਤਾ ਦੇ ਆਗੂਆਂ ਪਰਮਜੀਤ ਸਿੰਘ ਫਾਜ਼ਿਲਕਾ, ਅਜੈ ਸਿੰਗਲਾ ਸੰਗਰੂਰ, ਗੁਰਨਾਮ ਸਿੰਘ ਜੌਹਲ ਤਰਨ ਤਾਰਨ, ਵਿਪਨ ਕੁਮਾਰ, ਅਮਰੀਕ ਸਿੰਘ ਸਮਾਣਾ, ਹੈਪੀ ਸੰਧੂ ਜਲੰਧਰ, ਬਲਵੀਰ ਸਿੰਘ ਢਿੱਲੋਂ ਭੋਗਪੁਰ, ਹਰਵਿੰਦਰ ਸਿੰਘ ਵਾਲੀਆ ਰਾਜਪੁਰਾ, ਨੀਟਾ ਪਟਿਆਲਾ ਸਮੇਤ ਹੋਰਨਾਂ ਨੇ ਆਖਿਆ ਕਿ ਪੰਜਾਬ ਦੇ ਟਰੱਕ ਟਰਾਂਸਪੋਰਟ ਦੇ ਕਾਰੋਬਾਰ ਨਾਲ ਲੱਖਾਂ ਹੀ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਸਰਕਾਰ ਦੀ ਗਲਤ ਨੀਤੀਆਂ ਕਾਰਨ ਟਰੱਕ ਅਪਰੇਟਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ। ਪਿਛਲੀਂ ਕਾਂਗਰਸ ਸਰਕਾਰ ਸਮੇਂ ਟਰੱਕ ਯੂਨੀਅਨਾਂ ਭੰਗ ਕਰਕੇ ਟਰੱਕ ਟਰਾਂਸਪੋਰਟ ਕਾਰੋਬਾਰ ਨੂੰ ਵੱਡੀ ਢਾਹ ਲਗਾਈ ਗਈ। ਸਮੂਹ ਟਰੱਕ ਅਪਰੇਟਰ ਪਿਛਲੇ ਲੰਮੇ ਸਮੇਂ ਤੋਂ ਟਰੱਕ ਯੂਨੀਅਨਾਂ ਬਹਾਲ ਕਰਨ ਅਤੇ ਟਰੱਕ ਟਰਾਂਸਪੋਰਟ ਵਿੱਚੋਂ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਇਸ ਕੰਮ ਦੇ ਟੈਂਡਰ ਸਿੱਧੇ ਤੌਰ ‘ਤੇ ਯੂਨੀਅਨਾਂ ਨੂੰ ਦੇਣ ਦੀ ਮੰਗ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਟਰੱਕ ਅਪਰੇਟਰ ਕੜਾਕੇ ਦੀ ਠੰਢ ਦੇ ਬਾਵਜੂਦ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੱਕੇ ਤੌਰ ‘ਤੇ ਧਰਨਾ ਲਾਈ ਬੈਠੇ ਹਨ। ਪਿਛਲੇ ਸਮੇਂ ਦੌਰਾਨ ਟਰੱਕ ਅਪਰੇਟਰ ਆਗੂਆਂ ਦੀ ਜਥੇਬੰਦੀ ਨੇ ਤਿੰਨ ਕੈਬਨਿਟ ਮੰਤਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਇਕ ਕਮੇਟੀ ਬਣਾ ਕੇ ਟਰੱਕ ਯੂਨੀਅਨਾਂ ਬਹਾਲ ਕਰਨ ਤੇ ਟੈਂਡਰਾਂ ਸੰਬਧੀ ਸੌਖੀ ਨੀਤੀ ਬਣਾਉਣ ਸਬੰਧੀ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਗੱਲਬਾਤ ਸਿਰੇ ਨਹੀਂ ਲੱਗੀ।