ਕਿਉਬਕ-ਓਂਟਾਰੀਓ ਬਾਰਡਰ ਨੇਡ਼ੇ ਹਾਈਵੇਅ 401 ਈਸਟ ਬਾਊਂਡ ’ਤੇ ਹੋਏ ਟਰੱਕ ਹਾਦਸੇ ਇਕ ਪੰਜਾਬੀ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ। ਹਾਦਸੇ ’ਚ ਟਰੱਕ ਨੂੰ ਅੱਗ ਲੱਗ ਗਈ ਜਿਸ ਕਾਰਨ ਬਰੈਂਪਟਨ ਨਾਲ ਸਬੰਧਤ ਪੰਜਾਬੀ ਮੂਲ ਦਾ 26 ਸਾਲਾ ਨੌਜਵਾਨ ਟਰੱਕ ਡਰਾਈਵਰ ਰਿਸ਼ਭ ਸ਼ਰਮਾ ਦੀ ਮੌਤ ਹੋ ਗਈ। ਨੌਜਵਾਨ ਇਸ ਹਾਦਸੇ ਦੌਰਾਨ ਅੱਗ ਦੀਆਂ ਲਪਟਾਂ ’ਚ ਸਡ਼ ਕੇ ਸੁਆਹ ਹੋ ਗਿਆ। ਰਿਸ਼ਭ ਸ਼ਰਮਾ ਕਰੀਬ 6 ਸਾਲ ਪਹਿਲਾਂ ਪੰਜਾਬ ਦੇ ਤਰਨਤਾਰਨ ਤੋਂ ਕੈਨੇਡਾ ਆਇਆ ਸੀ ਅਤੇ ਬਰੈਂਪਟਨ ਰਹਿੰਦਾ ਸੀ। ਰੋਜ਼ਾਨਾ ਵਾਂਗ ਆਪਣੇ ਕੰਮ ’ਤੇ ਗਿਆ ਅਤੇ ਮਾਂਟਰੀਅਲ ਜਾਂਦੇ ਸਮੇਂ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਦੋ ਟਰੱਕਾਂ ਵਿਚਕਾਰ ਹੋਇਆ ਦੱਸਿਆ ਜਾਂਦਾ ਹੈ। ਇਸ ਹਾਦਸੇ ਦੀ ਖ਼ਬਰ ਜਿਵੇਂ ਹੀ ਤਰਨਤਾਰਨ ਵਿਚਲੇ ਉਸ ਦੇ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੂੰ ਭਾਰੀ ਸਦਮਾ ਲੱਗਿਆ। ਉਹ ਰਵਿੰਦਰ ਸ਼ਰਮਾ ਦਾ ਪੁੱਤ ਸੀ। ਪਰਿਵਾਰ ਨੂੰ ਘਟਨਾ ਸਬੰਧੀ ਸੂਚਨਾ ਰਿਸ਼ਭ ਦੇ ਦੋਸਤਾਂ ਨੇ ਫੋਨ ਕਰਕੇ ਦਿੱਤੀ। ਜ਼ਿਕਰਯੋਗ ਹੈ ਕਿ ਰਿਸ਼ਭ ਦਾ ਜਨਵਰੀ ’ਚ ਵਿਆਹ ਸੀ ਅਤੇ ਘਰ ’ਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।