ਪੰਜਾਬੀ ਕਈ ਤਰ੍ਹਾਂ ਅਜੀਬ ਸ਼ੌਕ ਰੱਖਦੇ ਜਿਨ੍ਹਾਂ ‘ਚੋਂ ਇਕ ਗੱਡੀਆਂ ‘ਤੇ ਲਾਲ ਬੱਤੀਆਂ ਤੇ ਹੂਟਰ ਲਾਉਣ ਦਾ ਹੈ। ਹੁਣ ਇਸ ਤੋਂ ਅੱਗੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਟਰੈਕਟਰ ‘ਤੇ ਵੀ ਲਾਲ ਬੱਤੀਆਂ ਲਾਉਣ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਸ੍ਰੀ ਕੀਰਤਪੁਰ ਸਾਹਿਬ ‘ਚ ਸਾਹਮਣੇ ਆਇਆ ਜਿੱਥੇ ਪੁਲੀਸ ਨੇ ਲਾਲ ਬੱਤੀ ਲੱਗੇ ਟਰੈਕਟਰ ਨੂੰ ਆਪਣੇ ਕਬਜ਼ੇ ‘ਚ ਲਿਆ ਹੈ। ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਵੱਲੋਂ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਗਈ ਜਿਸ ਤਹਿਤ ਥਾਣਾ ਮੁਖੀ ਗੁਰਵਿੰਦਰ ਸਿੰਘ ਵੱਲੋਂ ਸਥਾਨਕ ਪੁਰਾਣੇ ਬੱਸ ਅੱਡੇ ਵਿਖੇ ਇਕ ਲਾਲ ਬੱਤੀ ਲੱਗੇ ਟਰੈਕਟਰ ਨੂੰ ਘੇਰ ਕੇ ਕਾਨੂੰਨੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਮੌਜੂਦ ਸਨ ਤਾਂ ਇਸ ਦੌਰਾਨ ਉਨ੍ਹਾਂ ਦੇ ਅੱਗੇ ਤੋਂ ਇਕ ਸੋਨਾਲਿਕਾ ਟਰੈਕਟਰ ਲੰਘਿਆ ਜਿਸ ਉੱਪਰ ਤੇਜ਼ ਆਵਾਜ਼ ਵਾਲਾ ਡੈੱਕ ਅਤੇ ਬੂਫਰ ਲੱਗੇ ਹੋਏ ਸੀ, ਇਸ ਤੋਂ ਇਲਾਵਾ ਉਸ ਉੱਪਰ ਇਕ ਲਾਲ ਬੱਤੀ ਵੀ ਲੱਗੀ ਹੋਈ ਸੀ। ਟਰੈਕਟਰ ਚਾਲਕ ਵਲੋਂ ਹੂਟਰ ਵੀ ਵਜਾਇਆ ਜਾ ਰਿਹਾ ਸੀ ਜਿਸ ‘ਤੇ ਉਨ੍ਹਾਂ ਨੇ ਕਾਰਵਾਈ ਕਰਦੇ ਹੋਏ ਟਰੈਕਟਰ ਮਗਰ ਆਪਣੀ ਗੱਡੀ ਲਗਾ ਕੇ ਉਸ ਨੂੰ ਪੁਰਾਣੇ ਬੱਸ ਅੱਡੇ ਨਜ਼ਦੀਕ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਟਰੈਕਟਰ ਦਾ ਚਲਾਨ ਕਰਕੇ ਹੋਏ ਇਸ ਨੂੰ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਬੰਦ ਕਰ ਗਿਆ ਹੈ।