ਤਜਰਬੇਕਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਸਿੰਗਲ ਦੇ ਮੁਕਾਬਲੇ ‘ਚ ਇੰਗਲੈਂਡ ਦੇ ਲਿਆਮ ਪਿਚਫੋਰਡ ਨੂੰ 4-1 ਨਾਲ ਹਰਾ ਕੇ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸੇ ਮੁਕਾਬਲੇ ਦਾ ਕਾਂਸੀ ਤਗ਼ਮਾ ਜੀ ਸਾਥੀਆਨ ਨੇ ਜਿੱਤਿਆ। ਸ਼ਾਨਦਾਰ ਲੈਅ ‘ਚ ਚੱਲ ਰਹੇ 40 ਸਾਲਾ ਸ਼ਰਤ ਨੇ ਰੈਂਕਿੰਗ ‘ਚ ਆਪਣੇ ਤੋਂ ਬਿਹਤਰ ਖਿਡਾਰੀ ਖ਼ਿਲਾਫ਼ ਪਹਿਲੀ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ 11-3, 11-7, 11-2, 11-6, 11-8 ਨਾਲ ਜਿੱਤ ਦਰਜ ਕੀਤੀ। ਸ਼ਰਤ ਦੀ ਵਿਸ਼ਵ ਰੈਂਕਿੰਗ 39ਵੀਂ ਹੈ ਜਦਕਿ ਪਿਚਫੋਰਡ 20ਵੇਂ ਸਥਾਨ ‘ਤੇ ਕਾਬਜ਼ ਹੈ। ਸ਼ਰਤ ਦਾ ਇਨ੍ਹਾਂ ਖੇਡਾਂ ‘ਚ ਇਹ ਕੁੱਲ 13ਵਾਂ ਤਗ਼ਮਾ ਹੈ। ਉਸ ਨੇ ਬਰਮਿੰਘਮ ਖੇਡਾਂ ‘ਚ ਚਾਰ ਤਗ਼ਮੇ ਜਿੱਤੇ ਹਨ। ਉਹ 2006 ‘ਚ ਮੈਲਬਰਨ ਖੇਡਾਂ ਦੇ ਫਾਈਨਲ ‘ਚ ਪਹੁੰਚਿਆ ਸੀ ਅਤੇ ਸੋਨ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਸਾਥੀਆਨ ਨੇ ਇੰਗਲੈਂਡ ਦੇ ਹੀ ਪੌਲ ਡ੍ਰਿੰਕਹਾਲ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਮੁਕਾਬਲੇ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸਿੰਗਲਜ਼ ਰੈਂਕਿੰਗ ‘ਚ 35ਵੇਂ ਸਥਾਨ ‘ਤੇ ਕਾਬਜ਼ ਸਾਥੀਆਨ ਨੇ ਸ਼ੁਰੂਆਤੀ ਤਿੰਨ ਸੈੱਟ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਰੈਂਕਿੰਗ ‘ਚ 74ਵੇਂ ਸਥਾਨ ਵਾਲੇ ਖਿਡਾਰੀ ਡ੍ਰਿੰਕਹਾਲ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੁਕਾਬਲਾ 3-3 ਨਾਲ ਬਰਾਬਰ ਕਰ ਦਿੱਤਾ। ਫ਼ੈਸਲਾਕੁਨ ਗੇਮ ਵੀ ਬੇਹੱਦ ਕਰੀਬੀ ਰਹੀ। ਸਾਥੀਆਨ ਨੇ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ‘ਚ ਖੇਡੇ ਗਏ ਇਸ ਰੁਮਾਂਚਕ ਮੁਕਾਬਲੇ ਨੂੰ 11-9, 11-3, 11-5, 8-11, 9-11, 10-12, 11-9 ਨਾਲ ਆਪਣੇ ਨਾ ਕੀਤਾ। ਪਿਛਲੀਆਂ ਦੋ ਰਾਸ਼ਟਰਮੰਡਲ ਖੇਡਾਂ ‘ਚ ਸਾਥੀਆਨ ਦਾ ਇਹ ਛੇਵਾਂ ਤਗ਼ਮਾ ਹੈ। ਮੌਜੂਦਾ ਖੇਡਾਂ ‘ਚ ਇਹ ਉਸ ਦਾ ਦੂਜਾ ਤਗ਼ਮਾ ਹੈ। ਉਸ ਨੇ ਸ਼ਰਤ ਕਮਲ ਦੇ ਨਾਲ ਪੁਰਸ਼ ਡਬਲਜ਼ ਦਾ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸ਼ਰਤ ਤੇ ਸਾਥੀਆਨ ਨੇ ਇਸ ਦੇ ਨਾਲ ਹੀ ਪੁਰਸ਼ ਡਬਲਜ਼ ਦੇ ਫਾਈਨਲ ‘ਚ ਪਿਚਫੋਰਡ ਤੇ ਡ੍ਰਿੰਕਹਾਲ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਇਸ ਤੋਂ ਪਹਿਲਾਂ ਸ਼ਰਤ ਕਮਲ ਤੇ ਸ਼੍ਰੀਜਾ ਅਕੁਲਾ ਦੀ ਜੋੜੀ ਨੇ ਮਿਕਸਡ ਡਬਲਜ਼ ‘ਚ ਸੋਨ ਤਗ਼ਮਾ ਜਿੱਤਿਆ।