ਕੈਲੀਫੋਰਨੀਆ ‘ਚ ਇਕ ਭਾਰਤੀ ਮੂਲ ਦੇ ਅਮਰੀਕਨ ਨਾਗਰਿਕ ਨੂੰ ਆਪਣੇ ਹੀ ਦੇਸ਼ ਵਾਸੀ ਵੱਲੋਂ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਦੋਸ਼ੀ ਨੇ ਆਪਣੇ ਹਮਵਤਨ ‘ਤੇ ਨਸਲੀ ਟਿੱਪਣੀਆਂ ਅਤੇ ਹਿੰਦੂ ਵਿਰੋਧੀ ਟਿੱਪਣੀਆਂ ਕੀਤੀਆਂ। ਕੈਲੀਫੋਰਨੀਆ ਦੇ ਤਜਿੰਦਰ ਸਿੰਘ ਨੇ ਫ੍ਰੇਮਾਂਟ ਦੇ ਟੈਕੋ ਬੇਲ ਵਿਖੇ ਕ੍ਰਿਸ਼ਨਨ ਜੈਰਮਨ ਨਾਲ ਬਦਸਲੂਕੀ ਕੀਤੀ ਅਤੇ ਗਾਲ੍ਹਾਂ ਕੱਢੀਆਂ। ਫ੍ਰੀਮਾਂਟ ਪੁਲੀਸ ਵਿਭਾਗ ਨੇ ਕਿਹਾ ਕਿ ਯੂਨੀਅਨ ਸਿਟੀ ਦੇ ਵਸਨੀਕ ਤੇਜਿੰਦਰ ‘ਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਹਮਲਾ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਜੈਰਮਨ ਨੇ 8 ਮਿੰਟ ਤੋਂ ਵੱਧ ਸਮੇਂ ਤੱਕ ਚੱਲੀ ਇਸ ਘਟਨਾ ਨੂੰ ਆਪਣੇ ਫ਼ੋਨ ‘ਤੇ ਰਿਕਾਰਡ ਕੀਤਾ ਸੀ। ਵੀਡੀਓ ਰਿਕਾਰਡਿੰਗ ‘ਚ ਤੇਜਿੰਦਰ, ਜੈਰਮਨ ‘ਤੇ ਨਸਲੀ ਟਿੱਪਣੀਆਂ ਅਤੇ ਹਿੰਦੂ ਵਿਰੋਧੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਜੈਰਮਨ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਡਰ ਗਿਆ ਸੀ ਅਤੇ ਬਾਅਦ ‘ਚ ਇਹ ਜਾਣ ਕੇ ਹੋਰ ਵੀ ਪ੍ਰੇਸ਼ਾਨ ਹੋ ਗਿਆ ਸੀ ਕਿ ਮੁਲਜ਼ਮ ਵੀ ਇਕ ਭਾਰਤੀ ਸੀ। ਉਸ ਨੇ ਐੱਨ.ਬੀ.ਸੀ. ਬੇ ਏਰੀਆ ਨੂੰ ਦੱਸਿਆ ਕਿ ਉਸ ਨੇ ਅਤੇ ਇਕ ਰੈਸਟੋਰੈਂਟ ਕਰਮਚਾਰੀ ਨੇ ਫ੍ਰੀਮਾਂਟ ਪੁਲੀਸ ਨੂੰ ਬੁਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਅੱਠ ਮਿੰਟ ਤੋਂ ਵੱਧ ਸਮੇਂ ਤੱਕ ਚੀਕਦਾ ਰਿਹਾ। ਫ੍ਰੀਮਾਂਟ ਪੁਲੀਸ ਅਜੇ ਵੀ ਘਟਨਾ ਦੀ ਜਾਂਚ ਕਰ ਰਹੀ ਹੈ। ਬਾਅਦ ‘ਚ ਥਾਣਾ ਮੁਖੀ ਨੇ ਸੋਸ਼ਲ ਮੀਡੀਆ ‘ਤੇ ਭਾਈਚਾਰੇ ਨੂੰ ਸੰਬੋਧਨ ਕੀਤਾ। ਪੁਲੀਸ ਮੁਖੀ ਸੀਨ ਵਾਸ਼ਿੰਗਟਨ ਨੇ ਕਿਹਾ, ‘ਅਸੀਂ ਨਫ਼ਰਤ ਭਰੀਆਂ ਘਟਨਾਵਾਂ ਅਤੇ ਨਫ਼ਰਤ ਵਾਲੇ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਾਡੇ ਭਾਈਚਾਰੇ ‘ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਮਝਦੇ ਹਾਂ। ਇਹ ਘਟਨਾਵਾਂ ਘਿਨਾਉਣੀਆਂ ਹਨ। ਅਸੀਂ ਇਥੇ ਸਾਰੇ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਲਈ ਹਾਂ, ਭਾਵੇਂ ਉਨ੍ਹਾਂ ਦਾ ਲਿੰਗ, ਜਾਤ, ਧਰਮ ਅਤੇ ਕੌਮੀਅਤ ਕੁਝ ਵੀ ਹੋਵੇ।’