ਵਿਧਾਇਕਾਂ ਦੀ ‘ਆਪਰੇਸ਼ਨ ਲੋਟਸ’ ਤਹਿਤ ਖਰੀਦੋ-ਫਰੋਖਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਤਹਿਤ ਪੰਜਾਬ ਭਾਜਪਾ ਦੀ ਅਗਵਾਈ ‘ਚ ਰੋਸ ਮਾਰਚ ਭਾਜਪਾ ਦੇ ਚੰਡੀਗੜ੍ਹ ਦਫ਼ਤਰ ‘ਚੋਂ ਸ਼ੁਰੂ ਹੋਇਆ। ਜਿਵੇਂ ਹੀ ਰੋਸ ਮਾਰਚ ਸੈਕਟਰ-38 ਵੱਲ ਵਧਿਆ ਤਾਂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਮਾਰਚ ਦੇ ਰਾਹ ਰੋਕ ਲਏ। ਭਾਜਪਾ ਆਗੂ ਅਤੇ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਮਾਰਚ ਨੂੰ ਰੋਕਣ ਲਈ ਪੁਲੀਸ ਨੇ ਜਲ ਤੋਪਾਂ ਦੀਆਂ ਬੁਛਾੜਾਂ ਛੱਡ ਦਿੱਤੀਆਂ। ਰੋਹ ‘ਚ ਆਏ ਭਾਜਪਾ ਆਗੂ ਬੈਰੀਕੇਡਾਂ ‘ਤੇ ਚੜ੍ਹ ਗਏ। ਇਸ ਮੌਕੇ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ ਜਿਸ ਵਿਚ ਚਾਰ ਭਾਜਪਾ ਆਗੂ ਤੇ ਵਰਕਰ ਜ਼ਖ਼ਮੀ ਹੋ ਗਏ। ਪੁਲੀਸ ਨੇ ਭਾਜਪਾ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ, ਜਿਨ੍ਹਾਂ ਨੂੰ ਕਰੀਬ ਇੱਕ ਘੰਟੇ ਮਗਰੋਂ ਰਿਹਾਅ ਕਰ ਦਿੱਤਾ ਗਿਆ। ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਪੁਲੀਸ ਦੀ ਧੱਕੇਸ਼ਾਹੀ ਕਾਰਨ ਉਨ੍ਹਾਂ ਸਮੇਤ ਸੋਮ ਪ੍ਰਕਾਸ਼ ਮਲੋਟ, ਮੰਗਲ ਦੇਵ ਧਨੌਲਾ, ਉਮੇਸ਼ ਸ਼ਾਕਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ‘ਆਪ’ ਸਰਕਾਰ ਵੱਲੋਂ ਜੋ ਆਪਰੇਸ਼ਨ ਲੋਟਸ ਦੀ ਨੌਟੰਕੀ ਕੀਤੀ ਜਾ ਰਹੀ ਹੈ ਅਤੇ ਰਾਜਪਾਲ ਵੱਲੋਂ ਸੈਸ਼ਨ ਰੱਦ ਕੀਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਸ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਪੰਜਾਬ ਦੇ ਲੋਕ ਹਿੱਤਾਂ ਲਈ ਫ਼ੈਸਲਾ ਲਿਆ ਹੈ ਅਤੇ ਭਗਵੰਤ ਮਾਨ ਸੰਵਿਧਾਨ ਦੀ ਥਾਂ ਕੇਜਰੀਵਾਲ ਦੇ ਹੁਕਮਾਂ ਨੂੰ ਤਰਜੀਹ ਦੇ ਰਹੇ ਹਨ। ਰੋਸ ਮਾਰਚ ਦੀ ਅਗਵਾਈ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਆਲ ਸੋਢੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸੁਰਜੀਤ ਜਿਆਣੀ, ਸੁਨੀਲ ਜਾਖੜ, ਜੈਇੰਦਰ ਕੌਰ, ਰਾਣਾ ਸੋਢੀ ਆਦਿ ਕਰ ਰਹੇ ਸਨ। ਦੂਜੇ ਪਾਸੇ ‘ਆਪ’ ਵਿਧਾਇਕਾਂ ਦਾ ਸ਼ਾਂਤੀ ਮਾਰਚ ਰਾਜ ਭਵਨ ਵੱਲ ਵਧਿਆ ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਵਿਧਾਇਕਾਂ ਦੇ ਰਾਹ ਰੋਕ ਦਿੱਤੇ। ਰੋਹ ‘ਚ ਆਏ ਵਿਧਾਇਕਾਂ ਨੇ ਸੜਕ ‘ਤੇ ਦਰੀਆਂ ਵਿਛਾ ਕੇ ਪ੍ਰਦਰਸ਼ਨ ਕੀਤਾ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਪੰਜ ਲੱਖ ਵਾਲੇ ਵਿਕਾਊ ਮਾਲ ਦਾ 25 ਕਰੋੜ ਕੌਣ ਦਿੰਦਾ ਹੈ?