ਪਿਛਲੇ ਦਿਨੀਂ ਬਰਫ਼ ਨਾਲ ਜੰਮੀ ਹੋਈ ਝੀਲ ‘ਚ ਡਿੱਗ ਕੇ ਮਾਰੇ ਗਏ ਭਾਰਤੀ-ਅਮਰੀਕਨ ਜੋੜੇ ਦੀ ਦੀਆਂ ਦੋ ਨਾਬਾਲਗ ਧੀਆਂ ਅਮਰੀਕਾ ਦੇ ਐਰੀਜ਼ੋਨਾ ‘ਚ ਬਾਲ ਸੁਰੱਖਿਆ ਵਿਭਾਗ ਦੀ ਕਸਟਡੀ ‘ਚ ਹਨ। ਐਰੀਜ਼ੋਨਾ ‘ਚ ਨਾਰਾਇਣ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਦੀ ਜੰਮੀ ਝੀਲ ‘ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਝੀਲ ‘ਤੇ ਵਾਪਰਿਆ ਸੀ। ਇਹ ਲੋਕ ਬਰਫੀਲੀ ਸੜਕ ਦਾ ਆਨੰਦ ਲੈਣ ਲਈ ਕ੍ਰਿਸਮਸ ਦੇ ਅਗਲੇ ਦਿਨ ਘਾਟੀ ਤੋਂ ਬਾਹਰ ਆਏ ਸਨ ਅਤੇ ਬਰਫ਼ ‘ਤੇ ਕੁਝ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਬਰਫ਼ ‘ਤੇ ਤਸਵੀਰਾਂ ਲੈਂਦੇ ਸਮੇਂ ਬਰਫ਼ ਦੀ ਸਤ੍ਹਾ ਟੁੱਟਣ ਕਾਰਨ ਤਿੰਨ ਲੋਕ ਜੰਮੀ ਹੋਈ ਝੀਲ ਵਿਚ ਡਿੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢ ਲਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਰੀਜ਼ੋਨਾ ਦੇ ਬਾਲ ਸੁਰੱਖਿਆ ਵਿਭਾਗ ਨੂੰ ਅਨਾਥ ਹੋਈਆਂ 7 ਤੋਂ 12 ਸਾਲ ਦੀ ਉਮਰ ਦੀਆਂ ਬੱਚੀਆਂ ਦੀ ਕਸਟਡੀ ਆਪਣੇ ਹੱਥ ‘ਚ ਲੈਣ ਲਈ ਬੁਲਾਇਆ ਗਿਆ ਸੀ। ਕੋਕੋਨੀਨੋ ਕਾਉਂਟੀ ਸ਼ੈਰਿਫ ਦੇ ਦਫ਼ਤਰ ‘ਚ ਤਾਇਨਾਤ ਜੌਹਨ ਪੈਕਸਨ ਨੇ ਕਿਹਾ, ‘ਅਸੀਂ ਚਾਹੁੰਦੇ ਸੀ ਕਿ ਉਹ ਸੁਰੱਖਿਅਤ ਮਹਿਸੂਸ ਕਰਨ। ਅਸੀਂ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਅਤੇ ਘਟਨਾ ਸਥਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ-ਅਮਰੀਕਨ ਭਾਈਚਾਰਾ ਇਸ ਘਟਨਾ ‘ਤੇ ਸੋਗ ਮਨਾ ਰਿਹਾ ਹੈ ਅਤੇ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇਕਜੁੱਟ ਹੋ ਰਿਹਾ ਹੈ।