ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ‘ਚ ਅੱਜ ਉਦੋਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਤੋਂ ਦੁਖੀ ਕਿਸਾਨ ਨੇ ਰੇਲ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੰਜ ਦਿਨ ਤੋਂ ਇਸ ਕਿਸਾਨ ਦੇ ਝੋਨੇ ਦੀ ਸਰਕਾਰੀ ਬੋਲੀ ਨਹੀਂ ਲੱਗੀ ਜਿਸ ਕਰਕੇ ਉਹ ਪ੍ਰੇਸ਼ਾਨ ਸੀ। ਅੱਜ ਛੇਵੇਂ ਦਿਨ ਅੱਕੇ ਹੋਏ ਕਿਸਾਨ ਦਾ ਸਬਰ ਉਦੋਂ ਜਵਾਬ ਦੇ ਗਿਆ ਜਦੋਂ ਇਕ ਵਪਾਰੀ ਨੇ ਝੋਨੇ ਦੇ ਮਿਥੇ ਸਰਕਾਰੀ ਭਾਅ ਤੋਂ 300 ਰੁਪਏ ਪ੍ਰਤੀ ਕੁਇੰਟਲ ਘੱਟ ਕੀਮਤ ‘ਤੇ ਝੋਨਾ ਵੇਚਣ ਲਈ ਕਿਹਾ। ਪਿੰਡ ਲੋਪੋਂ ਦਾ ਰਹਿਣ ਵਾਲਾ ਇਹ ਕਿਸਾਨ ਪਰਗਟ ਸਿੰਘ ਇਸ ‘ਤੇ ਮਾਨਸਿਕ ਤੌਰ ਉੱਪਰ ਹੋਰ ਪ੍ਰੇਸ਼ਾਨ ਹੋ ਗਿਆ ਕਿ ਨਵੀਂ ਦਾਣਾ ਮੰਡੀ ਦੇ ਨਾਲ ਹੀ ਲੰਘਦੀ ਰੇਲਵੇ ਲਾਈਨ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨਾਲ ਮੌਜੂਦ ਹੋਰ ਸਾਥੀ ਕਿਸਾਨਾਂ ਨੇ ਸਮਝਾ ਕੇ ਉਸ ਨੂੰ ਇਸ ਪਾਸਿਓਂ ਮੋੜ ਲਿਆ ਪਰ ਇਸ ਤੋਂ ਬਾਅਦ ਮੰਡੀ ‘ਚ ਹਲਚਲ ਸ਼ੁਰੂ ਹੋ ਗਈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਚੱਲੀ ਆਉਂਦੀ ਰਵਾਇਤ ਤੋਂ ਉਲਟ ਐਤਕੀਂ 17 ਨਵੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਬੰਦ ਕਰ ਦਿੱਤੀ ਹੈ। ਕਿਸਾਨ ਪਰਗਟ ਸਿੰਘ ਨੇ ਦੱਸਿਆ ਕਿ ਉਹ 17 ਨਵੰਬਰ ਨੂੰ ਹੀ ਪਹਿਲੀ ਟਰਾਲੀ ਝੋਨੇ ਦੀ ਲੈ ਕੇ ਮੰਡੀ ਆਇਆ ਅਤੇ ਕੁੱਲ 10 ਏਕੜ ਦਾ ਝੋਨਾ ਉਸ ਨੇ ਮੰਡੀ ‘ਚ ਸੁੱਟਿਆ ਹੈ। ਇਤਫਾਕ ਨਾਲ ਇਹ ਘਟਨਾ ਵਾਪਰਨ ਤੋਂ ਪਹਿਲਾਂ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਮੰਡੀ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਮੰਡੀ ‘ਚ ਪਏ ਝੋਨੇ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣ ਲਈ ਇਹ ਦੌਰਾ ਕੀਤਾ ਪਰ ਉਸ ਰਿਪੋਰਟ ਸਬੰਧੀ ਸਰਕਾਰ ਵੱਲੋਂ ਕੋਈ ਜਵਾਬ ਆਉਣ ਤੋਂ ਪਹਿਲਾ ਹੀ ਇਹ ਘਟਨਾ ਵਾਪਰ ਗਈ। ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ‘ਚ 2300 ਕੁਇੰਟਲ ਤੋਂ ਵੱਧ ਝੋਨਾ ਹਾਲੇ ਪਿਆ ਹੈ ਪਰ ਸਰਕਾਰੀ ਖਰੀਦ ਬੰਦ ਹੋਣ ਕਰਕੇ ਇਸ ਦੀ ਬੋਲੀ ਨਹੀਂ ਲੱਗ ਰਹੀ। ਜਿਸ ਆੜ੍ਹਤੀ ਦੀ ਦੁਕਾਨ ‘ਤੇ ਕਿਸਾਨ ਨੇ ਝੋਨਾ ਲਿਆਂਦਿਆਂ ਉਸ ਦੇ ਮੁਨੀਮ ਅਸ਼ੋਕ ਕੁਮਾਰ ਨੇ ਵੀ ਪੰਜ ਤੋਂ ਝੋਨਾ ਲਿਆਂਦੇ ਹੋਣ ਦੀ ਪੁਸ਼ਟੀ ਕੀਤੀ ਹੈ। ਮੰਡੀ ‘ਚ ਮੌਜੂਦ ਕਿਸਾਨਾਂ ਨੇ ਖਰੀਦ 30 ਨਵੰਬਰ ਤੱਕ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਰੋਜ਼ਾਨਾ ਕਈ ਬੋਰੀਆਂ ਝੋਨਾ ਮੰਡੀ ‘ਚੋਂ ਚੋਰੀ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਐੱਸ.ਡੀ.ਐੱਮ. ਵਿਕਾਸ ਹੀਰਾ ਨੇ ਕਿਹਾ ਕਿ ਇਹ ਕਿਸਾਨ 18 ਨਵੰਬਰ ਨੂੰ ਝੋਨਾ ਲੈ ਕੇ ਮੰਡੀ ਆਇਆ ਸੀ ਜਦਕਿ ਸਰਕਾਰੀ ਖਰੀਦ ਇਕ ਦਿਨ ਪਹਿਲਾਂ ਬੰਦ ਹੋ ਗਈ ਸੀ। ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਖਰੀਦ ਸੰਭਵ ਨਹੀਂ ਹੈ। ਜੇਕਰ ਸਰਕਾਰ ਫ਼ੈਸਲਾ ਬਦਲ ਕੇ ਖਰੀਦ ਦੀ ਹਦਾਇਤ ਕਰੇਗੀ ਤਾਂ ਖਰੀਦ ਕੀਤੀ ਜਾਵੇਗੀ। ਮਾਰਕੀਟ ਕਮੇਟੀ ਦੇ ਸੈਕਟਰੀ ਗੁਰਮਤਪਾਲ ਸਿੰਘ ਗਿੱਲ ਦਾ ਕਹਿਣਾ ਸੀ ਕਿ ਸਰਕਾਰੀ ਖਰੀਦ ਬੰਦ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਇਸ ਦੇ ਹੱਲ ਲਈ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਜਵਾਬ ਦੀ ਉਡੀਕ ਹੈ ਤੇ ਸਰਕਾਰ ਦੇ ਫ਼ੈਸਲੇ ਨਾਲ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।