ਅੱਠ ਸਾਲ ਪੁਰਾਣੇ 2014 ਦੇ ਝੂਠੇ ਪੁਲੀਸ ਮੁਕਾਬਲੇ ‘ਚ ਦੋ ਸਕੇ ਭਰਾਵਾਂ ਨੂੰ ਮਾਰਨ ਦੇ ਮਾਮਲੇ ‘ਚ ਲੁਧਿਆਣਾ ਦੀ ਅਦਾਲਤ ਨੇ ਦੋ ਪੁਲੀਸ ਮੁਲਾਜ਼ਮਾਂ ਸਣੇ ਇਕ ਅਕਾਲੀ ਆਗੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ‘ਚ ਦੋ ਸਕੇ ਭਰਾਵਾਂ ਨੂੰ ਝੂਠੇ ਪੁਲੀਸ ਮੁਕਾਬਲੇ ਮਾਰ ਦਿੱਤਾ ਗਿਆ ਸੀ ਜਿਸ ‘ਚ ਐਡੀਸ਼ਨਲ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਸਿਪਾਹੀ ਯਾਦਵਿੰਦਰ ਅਤੇ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨੇ ਦੋਸ਼ੀਆਂ ਨੂੰ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਮਾਮਲੇ ‘ਚ ਅਦਾਲਤ ਨੇ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸ ਝੂਠੇ ਮੁਕਾਬਲੇ ‘ਚ ਮਾਛੀਵਾੜਾ ਦੇ ਪਿੰਡ ਭੋਹਾਪੁਰ ਵਾਸੀ ਜਤਿੰਦਰ ਸਿੰਘ ਤੇ ਉਸ ਦੇ ਭਰਾ ਹਰਿੰਦਰ ਸਿੰਘ ਨੂੰ ਮਾਰਿਆ ਗਿਆ ਸੀ। ਪੀੜਤ ਪਰਿਵਾਰ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ। ਜਾਣਕਾਰੀ ਅਨੁਸਾਰ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ‘ਚ 27 ਸਤੰਬਰ 2014 ਨੂੰ ਸਵੇਰੇ ਮਾਛੀਵਾੜਾ ਪੁਲੀਸ ਦੇ ਨਾਲ ਅਕਾਲੀ ਆਗੂ ਗੁਰਜੀਤ ਸਿੰਘ ਮੌਜੂਦ ਸੀ ਤੇ ਉਨ੍ਹਾਂ ਨੇ ਦੋਵੇਂ ਸਕਾ ਭਰਾਵਾਂ ਦਾ ਕਤਲ ਕਰਕੇ ਇਸ ਨੂੰ ਪੁਲੀਸ ਮੁਕਾਬਲਾ ਦਿਖਾਇਆ ਸੀ। ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਮੁਕਾਬਲਾ ਝੂਠਾ ਹੈ। ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਇਸ ਮਾਮਲੇ ‘ਚ ਯਾਦਵਿੰਦਰ ਸਿੰਘ ਸਿਪਾਹੀ, ਪੰਜਾਬ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਤੇ ਅਕਾਲੀ ਆਗੂ ਗੁਰਜੀਤ ਸਿੰਘ ਦੇ ਨਾਲ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਵਧੀਕ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਕਤਲ, ਆਰਮਜ਼ ਐਕਟ ਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਇਸ ਮਾਮਲੇ ‘ਚ ਮਾਛੀਵਾੜਾ ਸਾਹਿਬ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜ਼ਦ ਕਰਨ ਦੇ ਨਾਲ-ਨਾਲ ਐੱਸ.ਐੱਸ.ਪੀ. ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਸ ਕੇਸ ਦਾ ਚਲਾਨ ਪੇਸ਼ ਹੋਇਆ ਸੀ। ਹਾਲਾਂਕਿ ਇਸ ਮਾਮਲੇ ‘ਚ ਐੱਸ.ਐੱਚ.ਓ. ਤੇ ਉਸ ਦਾ ਰੀਡਰ ਹਾਲੇ ਵੀ ਫਰਾਰ ਹਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ ਹੈ। ਝੂਠੇ ਪੁਲੀਸ ਮੁਕਾਬਲੇ ‘ਚ ਮਾਰੇ ਗਏ ਦੋ ਸਕੇ ਭਰਾਵਾਂ ਜਤਿੰਦਰ ਸਿੰਘ ਉਰਫ਼ ਗੋਲਡੀ ਅਤੇ ਹਰਿੰਦਰ ਸਿੰਘ ਉਰਫ਼ ਦੇ ਪਿਤਾ ਸਤਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਅੱਠ ਸਾਲ ਬਾਅਦ ਇਨਸਾਫ ਮਿਲਿਆ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਕਾ ‘ਤੇ ਪੂਰਾ ਭਰੋਸਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਦੋ ਪੁੱਤਰ ਰਸੂਖ਼ਦਾਰਾਂ ਦੀਆਂ ਅੱਖਾਂ ‘ਚ ਰੜਕਦੇ ਸਨ, ਜਿਨ੍ਹਾਂ ਨੇ ਝੂਠਾ ਪੁਲੀਸ ਮੁਕਾਬਲਾ ਬਣਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ। ਉਨ੍ਹਾਂ ਆਖਿਆ ਕਿ ਦੋ ਨੌਜਵਾਨ ਪੁੱਤਰਾਂ ਦੀ ਮੌਤ ਦਾ ਗ਼ਮ ਭੁਲਾਉਣਾ ਤਾਂ ਔਖਾ ਹੀ ਸੀ ਪਰ ਉਨ੍ਹਾਂ ਦੀ ਇਕਲੌਤੀ ਧੀ ਵੀ ਕੁਝ ਸਾਲ ਬਾਅਦ ਚੱਲ ਵਸੀ ਜਿਸ ਕਾਰਨ ਉਹ ਹੁਣ ਮਹਿਜ਼ ਦਿਨ ਕਟੀ ਕਰ ਰਹੇ ਹਨ। ਸਤਪਾਲ ਸਿੰਘ ਨੇ ਕਿਹਾ ਕਿ ਉਸ ਦੇ ਦੋਵੇਂ ਲੜਕੇ ਆਮ ਆਦਮੀ ਪਾਰਟੀ ਦੇ ਵਰਕਰ ਸਨ ਅਤੇ ਲੋਕ ਸਭਾ ਚੋਣਾਂ ‘ਚ ਉਨ੍ਹਾਂ ਪਾਰਟੀ ਲਈ ਡੱਟ ਕੇ ਕੰਮ ਕੀਤਾ ਸੀ। ਦੋਵਾਂ ਪੁੱਤਾਂ ਦੀ ਮੌਤ ‘ਤੇ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਦਾਅਵੇ ਕੀਤੇ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੁਝ ਕੁ ਚੋਣਵੇਂ ਬੰਦੇ ਹੀ ਇਸ ਇਨਸਾਫ਼ ਦੀ ਜੰਗ ‘ਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ।