ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨੀ ’ਚ ਕਿਹਾ ਕਿ ਜਲਵਾਯੂ ਸੰਭਾਲ ਸਬੰਧੀ ਇੰਡੀਆ ਦੀ ਪ੍ਰਤੀਬੱਧਤਾ ਉਸ ਦੇ ਕੰਮਾਂ ਤੋਂ ਸਪੱਸ਼ਟ ਹੁੰਦੀ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਜੀ-7 ਦੇ ਅਮੀਰ ਮੁਲਕ ਜਲਵਾਯੂ ਤਬਦੀਲੀ ਨਾਲ ਨਜਿੱਠਣ ’ਚ ਇੰਡੀਆ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਉਨ੍ਹਾਂ ਵੱਖ ਵੱਖ ਮੁਲਕਾਂ ਨੂੰ ਇੰਡੀਆ ’ਚ ਉਭਰ ਰਹੇ ਸਵੱਛ ਊਰਜਾ ਤਕਨੀਕ ਦੇ ਵੱਡੇ ਬਾਜ਼ਾਰ ਦਾ ਫਾਇਦਾ ਲਾਹਾ ਲੈਣ ਦਾ ਸੱਦਾ ਵੀ ਦਿੱਤਾ। ਜੀ-7 ਸਿਖਰ ਸੰਮੇਲਨ ਦੌਰਾਨ ‘ਬਿਹਤਰ ਭਵਿੱਖ ’ਚ ਨਿਵੇਸ਼: ਜਲਵਾਯੂ, ਊਰਜਾ, ਸਿਹਤ’ ਸਬੰਧੀ ਸੈਸ਼ਨ ’ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ ਦੇ ਟਰੈਕ ਰਿਕਾਰਡ ਨੂੰ ਉਭਾਰਿਆ ਤੇ ਕਿਹਾ ਕਿ ਇੰਡੀਆ ਨੇ ਸਮੇਂ ਤੋਂ ਪਹਿਲਾਂ ਨੌਂ ਸਾਲਾਂ ਅੰਦਰ ਊਰਜਾ ਲੋਡ਼ਾਂ ਦੇ ਟੀਚੇ ਦਾ 40 ਫੀਸਦ ਹਿੱਸਾ ਗ਼ੈਰ-ਰਵਾਇਤੀ ਸਰੋਤਾਂ ਤੋਂ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ, ‘ਪੈਟਰੋਲ ’ਚ 10 ਫੀਸਦ ਈਥਾਨੌਲ ਮਿਲਾਉਣ ਦਾ ਟੀਚਾ ਸਮੇਂ ਤੋਂ ਪੰਜ ਮਹੀਨੇ ਪਹਿਲਾਂ ਹਾਸਲ ਕੀਤਾ ਗਿਆ ਹੈ। ਇੰਡੀਆ ਕੋਲ ਦੁਨੀਆ ਦਾ ਪਹਿਲਾ ਪੂਰਨ ਤੌਰ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਹਵਾਈ ਅੱਡਾ ਹੈ। ਇੰਡੀਆ ਦੀ ਵੱਡੀ ਰੇਲਵੇ ਪ੍ਰਣਾਲੀ ਇਸ ਦਹਾਕੇ ਅੰਦਰ ਜ਼ੀਰੋ ਨਿਕਾਸੀ ਵਾਲੀ ਬਣ ਜਾਵੇਗੀ।’ ਉਨ੍ਹਾਂ ਕਿਹਾ, ‘ਜਦੋਂ ਇੰਡੀਆ ਵਰਗਾ ਵੱਡਾ ਦੇਸ਼ ਅਜਿਹੀ ਖਾਹਿਸ਼ ਰੱਖਦਾ ਹੈ ਤਾਂ ਹੋਰ ਵਿਕਾਸਸ਼ੀਲ ਮੁਲਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਸਾਨੂੰ ਉਮੀਦ ਹੈ ਕਿ ਜੀ-7 ਦੇ ਅਮੀਰ ਮੁਲਕ ਇੰਡੀਆ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨਗੇ। ਅੱਜ ਇੰਡੀਆ ’ਚ ਸਵੱਛ ਊਰਜਾ ਤਕਨੀਕ ਦਾ ਵੱਡਾ ਬਾਜ਼ਾਰ ਉੱਭਰ ਰਿਹਾ ਹੈ।’ ਮੋਦੀ ਨੇ ਕਿਹਾ ਕਿ ਜੀ-7 ਦੇ ਦੇਸ਼ ਇਥੇ ਖੋਜ, ਕਾਢਾਂ ਤੇ ਨਿਰਮਾਣ ਦੇ ਖੇਤਰ ’ਚ ਨਿਵੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇੰਡੀਆ ਹਰ ਨਵੀਂ ਤਕਨੀਕ ਲਈ ਜੋ ਮਾਪਦੰਡ ਮੁਹੱਈਆ ਕਰ ਸਕਦਾ ਹੈ, ਉਸ ਨਾਲ ਉਹ ਤਕਨੀਕ ਪੂਰੀ ਦੁਨੀਆ ਲਈ ਕਿਫਾਇਤੀ ਬਣ ਸਕਦੀ ਹੈ। ਇਸ ਸਮੇਂ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ ਅਤੇ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਹੋਈ।