ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਵਿਵਾਦਤ ਬਿਆਨ ਤੇ ਸਟੈਂਡ ਲੈਣ ਕਰਕੇ ਚਰਚਾ ‘ਚ ਰਹਿਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਘਰੇਲੂ ਉਡਾਣਾਂ ‘ਚ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ‘ਤੇ ਚੱਲ ਰਹੇ ਵਿਵਾਦ ਦਰਮਿਆਨ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਹਿੰਦੂ ਜਨੇਊ ਨਾਲ ਜਹਾਜ਼ ‘ਚ ਸਫ਼ਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫ਼ਰ ਕਿਉਂ ਨਹੀਂ ਕਰ ਸਕਦੇ। ਹਿੰਦੂਆਂ ਦੇ ਜਹਾਜ਼ ‘ਚ ਜਨੇਊ ਪਾ ਕੇ ਜਾਣ ‘ਤੇ ਸਵਾਲ ਚੁੱਕਦਿਆਂ ਮਾਨ ਨੇ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੌਰ ‘ਤੇ ਦੇਖ ਕੇ ਜਹਾਜ਼ ‘ਚ ਨਾ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਫਿਰ ਜਨੇਊ ਨੂੰ ਵੀ ਹਥਿਆਰ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨੇਊ ਨਾਲ ਕਿਸੇ ਦਾ ਵੀ ਗਲਾ ਵੱਢਿਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਜ਼ਾਦੀ ਹੈ। ਜਿਸ ਤਰ੍ਹਾਂ ਦਾ ਜਨੇਊ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਉਸੇ ਹੀ ਕਿਰਪਾਨ ਵੀ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ। ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ ਵੱਲੋਂ ਘਰੇਲੂ ਉਡਾਣਾਂ ‘ਚ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਗਿਆ ਦੇਣ ਦੇ ਫ਼ੈਸਲੇ ਨੂੰ ਹਿੰਦੂ ਸੈਨਾ ਵੱਲੋਂ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਸੀ, ਜਿਸ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਐੱਸ ਅਬਦੁੱਲ ਨਜ਼ੀਰ ਅਤੇ ਜੇ.ਕੇ. ਮਹੇਸ਼ਵਰੀ ਦੇ ਬੈਂਚ ਨੇ ਅਰਜ਼ੀਕਾਰ ਜਥੇਬੰਦੀ ਨੂੰ ਸਬੰਧਤ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕਰਨ ਦੀ ਖੁੱਲ੍ਹ ਦੇ ਦਿੱਤੀ। ਇਸ ਤੋਂ ਬਾਅਦ ਜਥੇਬੰਦੀ ਨੇ ਪਟੀਸ਼ਨ ਵਾਪਸ ਲੈ ਲਈ। ਪਟੀਸ਼ਨਰ ਨੇ ਬਿਊਰੋ ਵੱਲੋਂ 4 ਮਾਰਚ 2022 ਨੂੰ ਜਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ‘ਚ ਕਿਹਾ ਗਿਆ ਸੀ ਕਿ ਸਿੱਖ ਯਾਤਰੀ ਘਰੇਲੂ ਉਡਾਣਾਂ ‘ਚ ਕਿਰਪਾਨ ਨਾਲ ਸਫ਼ਰ ਕਰ ਸਕਦੇ ਹਨ ਅਤੇ ਕਿਰਪਾਨ ਦੇ ਬਲੇਡ ਦੀ ਲੰਬਾਈ 6 ਇੰਚ ਤੋਂ ਵੱਧ ਅਤੇ ਇਸ ਦੀ ਕੁੱਲ ਲੰਬਾਈ 9 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ।