ਕਪਤਾਨ ਰੋਹਿਤ ਸ਼ਰਮਾ ਦੀਆਂ 76 ਦੌਡ਼ਾਂ ਅਤੇ ਜਸਪ੍ਰੀਤ ਬੁਮਰਾਹ ਵੱਲੋਂ ਆਪਣੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਲਈਆਂ 6 ਵਿਕਟਾਂ ਸਦਕਾ ਇੰਡੀਆ 10 ਵਿਕਟਾਂ ਨਾਲ ਜੇਤੂ ਰਿਹਾ। ਲੰਡਨ ਵਿਖੇ ਇੰਗਲੈਂਡ ਖ਼ਿਲਾਫ਼ ਪਹਿਲੇ ਇਕ ਰੋਜ਼ਾ ਮੈਚ ’ਚ ਇੰਡੀਆ ਨੇ ਇਹ ਜਿੱਤ ਦਰਜ ਕੀਤੀ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਬੁਮਰਾਹ ਦੀ ਅਗਵਾਈ ’ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਤ ਕਰਦੇ ਹੋਏ ਇੰਗਲੈਂਡ ਨੂੰ 110 ਦੌਡ਼ਾਂ ’ਤੇ ਸਮੇਟ ਦਿੱਤਾ, ਜਿਹਡ਼ਾ ਇੰਡੀਆ ਵਿਰੁੱਧ ਉਸਦਾ ਸਭ ਤੋਂ ਘੱਟ ਸਕੋਰ ਸੀ। ਬੁਮਰਾਹ ਨੇ 7.2 ਓਵਰਾਂ ਵਿਚ 19 ਦੌਡ਼ਾਂ ਦੇ ਕੇ 6 ਵਿਕਟਾਂ ਲਈਆਂ। ਉਹ ਇੰਗਲੈਂਡ ’ਚ ਕਿਸੇ ਵਨ ਡੇ ਮੈਚ ’ਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲਾ ਇੰਡੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ। ਜਵਾਬ ’ਚ ਕਪਤਾਨ ਰੋਹਿਤ ਸ਼ਰਮਾ ਨੇ 58 ਗੇਂਦਾਂ ’ਚ ਅਜੇਤੂ 76 ਤੇ ਸ਼ਿਖਰ ਧਵਨ ਨੇ 54 ਗੇਂਦਾਂ ’ਤੇ ਅਜੇਤੂ 31 ਦੌਡ਼ਾਂ ਬਣਾ ਕੇ ਇੰਡੀਆ ਨੂੰ 18.4 ਓਵਰਾਂ ’ਚ ਬਿਨਾਂ ਕੋਈ ਵਿਕਟ ਗੁਆਏ ਜਿੱਤ ਦਿਵਾ ਦਿੱਤੀ। ਧਵਨ ਨੂੰ ਲੈਅ ’ਚ ਆਉਣ ’ਚ ਸਮਾਂ ਲੱਗਾ ਪਰ ਰੋਹਿਤ ਨੇ ਸ਼ਾਨਦਾਰ ਖੇਡ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਕ੍ਰਿਸ ਓਵਰਟੋਨ ਨੂੰ ਬਿਹਤਰੀਨ ਛੱਕਾ ਤੇ ਚੌਕਾ ਲਾਇਆ। ਸ਼ੁਰੂਆਤੀ 17 ਗੇਂਦਾਂ ’ਚ ਸਿਰਫ 2 ਦੌਡ਼ਾਂ ਬਣਾ ਸਕੇ ਧਵਨ ਨੇ ਰੀਸ ਟਾਪਲੇ ਨੂੰ ਲਗਾਤਾਰ ਦੋ ਚੌਕੇ ਲਾਏ। ਇਸ ਵਿਚਾਲੇ ਰੋਹਿਤ ਨੇ ਬ੍ਰਾਈਸਨ ਕਾਰਸ ਨੂੰ ਆਪਣੀ ਪਾਰੀ ਦਾ ਤੀਜਾ ਛੱਕਾ ਲਾ ਕੇ ਅਰਧ ਸੈਂਕਡ਼ਾ ਪੂਰਾ ਕੀਤਾ। ਉਸ ਨੇ ਕਾਰਸ ਨੂੰ ਆਪਣੀ ਪਾਰੀ ਦਾ ਪੰਜਵਾਂ ਛੱਕਾ ਵੀ ਲਾਇਆ ਜਦਕਿ ਧਵਨ ਨੇ ਜੇਤੂ ਚੌਕਾ ਲਾਇਆ। ਇਸ ਤੋਂ ਪਹਿਲਾਂ ਗੇਂਦ ਵਧੀਆ ਸਵਿੰਗ ਤੇ ਸੀਮ ਲੈ ਰਹੀ ਸੀ, ਜਿਸ ਨਾਲ ਬੁਮਰਾਹ ਤੇ ਮੁਹੰਮਦ ਸ਼ੰਮੀ ਹੋਰ ਖਤਰ ਨਜ਼ਰ ਆਏ। ਸ਼ੰਮੀ ਨੇ 7 ਓਵਰਾਂ ’ਚ 31 ਦੌਡ਼ਾਂ ਦੇ ਕੇ 3 ਵਿਕਟਾਂ ਲਈਆਂ। ਜੈਸਨ ਰਾਏ (0) ਨੇ ਬੁਮਰਾਹ ਦੀ ਬਾਹਰ ਜਾਂਦੀ ਗੇਂਦ ਨਾਲ ਛੇਡ਼ਖਾਨੀ ਦੀ ਕੋਸ਼ਿਸ਼ ’ਚ ਆਪਣੀ ਵਿਕਟ ਗੁਆਈ। ਦੋ ਗੇਂਦਾਂ ਬਾਅਦ ਫਾਰਮ ’ਚ ਚੱਲ ਰਿਹਾ ਜੋ ਰੂਟ (0) ਇਕ ਹੋਰ ਇਨਸਵਿੰਗਰ ਗੇਂਦ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਬੁਮਰਾਹ ਦੀ ਗੇਂਦ ਆਫ ਸਟੰਪ ਦੇ ਬਾਹਰ ਤੋਂ ਉੱਛਲਦੀ ਹੋਈ ਆਈ ਤੇ ਵਿਕਟਕੀਪਰ ਰਿਸ਼ਭ ਪੰਤ ਨੇ ਆਸਾਨ ਕੈਚ ਫਡ਼ ਲਿਆ। ਦੂਜੇ ਪਾਸੇ ਤੋਂ ਸ਼ੰਮੀ ਨੇ ਬੇਨ ਸਟੋਕਸ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਪੰਤ ਨੇ ਇਕ ਹੱਥ ਨਾਲ ਉਸਦਾ ਸ਼ਾਨਦਾਰ ਕੈਚ ਫਡ਼ਿਆ। ਪੰਤ ਨੇ ਜਾਨੀ ਬੇਅਰਸਟੋ ਦਾ ਵੀ ਕੈਚ ਇਸੇ ਅੰਦਾਜ਼ ’ਚ ਫਡ਼ਿਆ ਜਿਹਡ਼ਾ 7 ਦੌਡ਼ਾਂ ਬਣਾ ਕੇ ਬੁਮਰਾਹ ਦਾ ਤੀਜਾ ਸ਼ਿਕਾਰ ਹੋਇਆ। ਬੁਮਰਾਹ ਨੇ ਜਲਦੀ ਹੀ ਇੰਗਲੈਂਡ ਦਾ ਸਕੋਰ 5 ਵਿਕਟਾਂ ’ਤੇ 26 ਦੌਡ਼ਾਂ ਕਰ ਦਿੱਤਾ ਜਦੋਂ ਲਿਆਮ ਲਿਵਿੰਗਸਟੋਨ (0) ਪੈਵੇਲੀਅਨ ਪਰਤਿਆ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ 32 ਗੇਂਦਾਂ ’ਚ ਸਭ ਤੋਂ ਵੱਧ 30 ਦੌਡ਼ਾਂ ਬਣਾਈਆਂ ਪਰ ਦੂਜੇ ਪਾਸੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ। ਸ਼ੰਮੀ ਨੇ ਸ਼ਾਟ ਗੇਂਦ ਸੁੱਟ ਕੇ ਬਟਲਰ ਨੂੰ ਖਰਾਬ ਸ਼ਾਟ ਖੇਡਣ ’ਤੇ ਮਜਬੂਰ ਕੀਤਾ ਜਿਹਡ਼ਾ ਡੀਪ ਸਕੁਐਰ ਲੈੱਗ ’ਚ ਕੈਚ ਦੇ ਕੇ ਪਰਤਿਆ। ਇਸ ਸਮੇਂ ਇੰਗਲੈਂਡ ਦਾ ਸਕੋਰ 7 ਵਿਕਟਾਂ ’ਤੇ 59 ਦੌਡ਼ਾਂ ਸੀ। ਡੇਵਿਡ ਵਿਲੀ (26 ਗੇਂਦਾਂ ਵਿਚ 21 ਦੌਡ਼ਾਂ) ਤੇ ਬ੍ਰਾਈਸਨ ਕਾਰਸ (26 ਗੇਂਦਾਂ ’ਤੇ 15 ਦੌਡ਼ਾਂ) ਨੇ 9ਵੀਂ ਵਿਕਟ ਲਈ 35 ਦੌਡ਼ਾਂ ਜੋਡ਼ ਕੇ ਇੰਗਲੈਂਡ ਨੂੰ 100 ਦੌਡ਼ਾਂ ਦੇ ਅੰਦਰ ਸਿਮਟਣ ਤੋਂ ਬਚਾਇਆ। ਇੰਗਲੈਂਡ ਦਾ ਸਭ ਤੋਂ ਘੱਟ ਸਕੋਰ 86 ਦੌਡ਼ਾਂ ਹੈ, ਜਿਹਡ਼ਾ 2001 ’ਚ ਆਸਟਰੇਲੀਆ ਵਿਰੁੱਧ ਬਣਾਇਆ ਸੀ। ਬੁਮਰਾਹ ਨੇ ਕਾਰਸ ਨੂੰ ਆਊਟ ਕਰ ਕੇ ਆਪਣੇ ਵਨ ਡੇ ਕਰੀਅਰ ’ਚ ਦੂਜੀ ਵਾਰ ਪਾਰੀ ਦੀਆਂ ਪੰਜ ਵਿਕਟਾਂ ਲਈਆਂ।