ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਐਕਟ ਦੀ ਵਰਤੋਂ ਨੂੰ ਰੱਦ ਕਰ ਦਿੱਤਾ ਹੈ ਜੋ ਕੋਵਿਡ-19 ਵੈਕਸੀਨ ਦੇ ਹੁਕਮਾਂ ਵਿਰੁੱਧ ਹਾਲ ਹੀ ’ਚ ਹੋਏ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਜਵਾਬ ’ਚ ਲਾਗੂ ਕੀਤਾ ਗਿਆ ਸੀ। ਟਰੂਡੋ ਨੇ ਪੱਤਰਕਾਰ ਸੰਮੇਲਨ ’ਚ ਜਾਣਕਾਰੀ ਦਿੱਤੀ ਕਿ ਅੱਜ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਅਸੀਂ ਇਹ ਪੁਸ਼ਟੀ ਕਰਨ ਲਈ ਤਿਆਰ ਹਾਂ ਕਿ ਹੁਣ ਐਮਰਜੈਂਸੀ ਸਥਿਤੀ ਨਹੀਂ ਹੈ। ਇਸ ਲਈ ਫੈਡਰਲ ਸਰਕਾਰ ਐਮਰਜੈਂਸੀ ਐਕਟ ਦੀ ਵਰਤੋਂ ਨੂੰ ਖ਼ਤਮ ਕਰੇਗੀ। ਟਰੂਡੋ ਨੇ ਭਰੋਸਾ ਪ੍ਰਗਟਾਇਆ ਕਿ ਮੌਜੂਦਾ ਕਾਨੂੰਨਾਂ ਅਤੇ ਉਪ-ਨਿਯਮਾਂ ਦੀ ਵਰਤੋਂ ਸਥਿਤੀ ’ਤੇ ਕੰਟਰੋਲ ਬਣਾਈ ਰੱਖਣ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕਾਫ਼ੀ ਹੋਵੇਗੀ। ਉਨ੍ਹਾਂ ਸੰਭਾਵੀ ਵਿਕਾਸ ਦੀ ਨਿਗਰਾਨੀ ਕਰਨ ਅਤੇ ਲੋਡ਼ ਪੈਣ ’ਤੇ ਸਥਾਨਕ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਵੀ ਕੀਤਾ। ਹਾਲਾਂਕਿ ਟਰੂਡੋ ਨੇ ਇਸ ਗੱਲ ’ਤੇ ਜ਼ੋਰ ਨਹੀਂ ਦਿੱਤਾ ਕਿ ਸਥਿਤੀ ਬਿਲਕੁਲ ਸ਼ਾਂਤ ਹੈ ਅਤੇ ਕਥਿਤ ਖਤਰਿਆਂ ਤੋਂ ਰਹਿਤ ਹੈ। ਟਰੂਡੋ ਮੁਤਾਬਕ ਫਿਲਹਾਲ ਖਤਰਾ ਬਣਿਆ ਹੋਇਆ ਹੈ। ਅਸੀਂ ਸੋਸ਼ਲ ਮੀਡੀਆ ਗਤੀਵਿਧੀ ਜਾਂ ਉਨ੍ਹਾਂ ਲੋਕਾਂ ਨੂੰ ਦੇਖਦੇ ਹਾਂ ਜੋ ਵਿਰੋਧ ਪ੍ਰਦਰਸ਼ਨ ’ਤੇ ਕੇਂਦ੍ਰਿਤ ਰਹਿੰਦੇ ਹਨ ਅਤੇ ਸ਼ਾਇਦ ਗੈਰਕਾਨੂੰਨੀ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰ ਗੰਭੀਰ ਐਮਰਜੈਂਸੀ ਹੁਣ ਖ਼ਤਮ ਹੋ ਗਈ ਹੈ। ਟਰੂਡੋ ਨੇ ਅੱਗੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਸੁਰੱਖਿਆ ਮਾਹਰਾਂ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਪੁਲੀਸ ਕੋਲ ਉਪਲਬਧ ਉਪਕਰਨ ਹੋਰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕਾਫੀ ਹੋਣਗੇ। ਗੌਰਤਲਬ ਹੈ ਕਿ ਕੈਨੇਡਾ ਭਰ ’ਚ ਵਿਰੋਧ ਪ੍ਰਦਰਸ਼ਨਾਂ ਦੀ ਲਹਿਰ ਜਨਵਰੀ ਦੇ ਅੱਧ ’ਚ ਸ਼ੁਰੂ ਹੋਈ ਜਿਸ ਵਿਚ ਹਜ਼ਾਰਾਂ ਟਰੱਕ ਡਰਾਈਵਰਾਂ ਅਤੇ ਹੋਰ ਕੈਨੇਡੀਅਨ ਔਟਵਾ ’ਚ ਸ਼ਾਂਤੀਪੂਰਵਕ ਇਕੱਠੇ ਹੋਏ ਤਾਂ ਜੋ ਸਰਕਾਰ ਨੂੰ ਕੋਵਿਡ-19 ਵੈਕਸੀਨ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਸਕੇ। ਇਸ ਵਿਰੋਧ ਨੇ ਅੰਤ ’ਚ ਕੈਨੇਡੀਅਨ ਸਮਾਜ ਦੇ ਵੱਡੇ ਸਮੂਹਾਂ ਨੂੰ ਇਕਜੁੱਟ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਖ਼ਿਲਾਫ਼ ਇਕ ਪ੍ਰਦਰਸ਼ਨ ’ਚ ਬਦਲ ਗਿਆ।