ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੰਮ੍ਰਿਤਪਾਲ ਸਿੰਘ ਦੇ ਰੂਪੋਸ਼ ਹੋਣ ਮਗਰੋਂ ਕੈਨੇਡਾ ‘ਚ ਖਾਲਿਸਤਾਨ ਪੱਖੀਆਂ ਵੱਲੋਂ ਸਰੀ ‘ਚ ਹੋ ਰਹੇ ਸਮਾਗਮ ਦੌਰਾਨ ਕੀਤੀ ਗਈ ਹੁੱਲੜਬਾਜ਼ੀ ਦਾ ਨੋਟਿਸ ਲੈਂਦਿਆਂ ਕਾਰਵਾਈ ਆਰੰਭ ਦਿੱਤੀ ਹੈ। ਇਸ ਤਹਿਤ ਪੁਲੀਸ ਵਲੋਂ ਸੁਰੱਖਿਆ ਪ੍ਰਬੰਧਾਂ ‘ਚ ਢਿੱਲਮੱਠ ਵੀ ਜਾਂਚ ਕੀਤੀ ਜਾਵੇਗੀ। ਇਹ ਸਮਾਗਮ ਫਰੈਂਡਜ਼ ਆਫ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਵੈਨਕੂਵਰ ਸਥਿਤ ਭਾਰਤੀ ਸਫੀਰ ਸੰਜੈ ਵਰਮਾ ਦੇ ਸਵਾਗਤ ਲਈ ਕਰਵਾਇਆ ਗਿਆ ਸੀ। ਸਰੀ ਦੇ ਵੱਡੇ ਹਾਲ ‘ਚ 19 ਮਾਰਚ ਨੂੰ ਹੋਏ ਸਮਾਗਮ ਮੌਕੇ ਕੁਝ ਪੱਤਰਕਾਰਾਂ ‘ਤੇ ਵੀ ਹਮਲੇ ਕੀਤੇ ਗਏ ਸੀ। ਪ੍ਰਧਾਨ ਮੰਤਰੀ ਦਫਤਰ ਨੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਵੱਲੋਂ ਭੇਜੀ ਸ਼ਿਕਾਇਤ ਨੂੰ ਮੂਲ ਰੂਪ ‘ਚ ਲੋਕ ਸੁਰੱਖਿਆ ਮੰਤਰੀ ਨੂੰ ਭੇਜਦਿਆਂ ਉਸ ਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਕੈਨੇਡਾ ਅਮਰੀਕਾ ‘ਚ ਕੁਝ ਰੇਡੀਓ ਸਟੇਸ਼ਨ ਚਲਾਉਂਦੇ ਅਤੇ ਕੈਨੇਡਾ ‘ਚ ਭਾਰਤੀ ਲੋਕਾਂ ਦੀਆਂ ਸਮੱਸਿਆਵਾਂ ਉਭਾਰਨ ਲਈ ਯਤਨਸ਼ੀਲ ਜਥੇਬੰਦੀ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਦੱਸਿਆ ਕਿ ਸਮਾਗਮ ਪੰਜਾਬ ਦੇ ਲੋਕਾਂ ਦੀਆਂ ਮੁੱਖ ਮੰਗਾਂ ਨੂੰ ਭਾਰਤ ਸਰਕਾਰ ਅੱਗੇ ਰੱਖਣ ਲਈ ਕਰਵਾਇਆ ਸੀ। ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਵਿਰੋਧ ਕਰਨ ਵਾਲਿਆਂ ਦੇ ਆਗੂਆਂ ਨੂੰ ਸਮਝਾਉਣ ਦੇ ਯਤਨ ਕੀਤੇ, ਪਰ ਉਹ ਹੁੱਲੜਬਾਜ਼ੀ ‘ਤੇ ਅੜੇ ਰਹੇ। ਉਨ੍ਹਾਂ ਹੁੱਲੜਬਾਜ਼ਾਂ ਦੀ ਅਗਵਾਈ ਕਰਨ ਵਾਲਿਆਂ ਦੇ ਨਾਂ ਲੈਂਦਿਆਂ ਆਖਿਆ ਕਿ ਸੰਸਥਾ ਹਰ ਮੰਗ ਨੂੰ ਸ਼ਾਂਤਮਈ ਢੰਗ ਨਾਲ ਮੰਨਵਾਉਣ ਦੀ ਸਮਰਥਕ ਹੈ ਤੇ ਬੀਤੇ ਸਮੇਂ ਕਈ ਮੰਗਾਂ ਮਨਵਾਈਆਂ ਗਈਆਂ ਹਨ।