ਨੌਜਵਾਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੰਮ੍ਰਿਤਸਰ ਜੇਲ੍ਹ ਦੀ ਚੈਕਿੰਗ ਮੌਕੇ ਇਕ ਵਾਰ ਫਿਰ ਜੇਲ੍ਹਾਂ ਸਬੰਧੀ ਕਈ ਤਰ੍ਹਾਂ ਅੰਕੜੇ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਲਗਪਗ 33 ਹਜ਼ਾਰ ਕੈਦੀਆਂ ਵਿੱਚੋਂ 46 ਫ਼ੀਸਦ ਕੈਦੀ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਵਿੱਚੋਂ ਸਵੈ-ਇੱਛਾ ਨਾਲ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਨਾ ਮਾਤਰ ਹੈ। ਹਰ ਵਾਰ ਅਜਿਹੇ ਅੰਕੜੇ ਪੇਸ਼ ਕਰਦੇ ਜੇਲ੍ਹ ਮੰਤਰੀ ਤੇ ਸਰਕਾਰ ਤੋਂ ਲੋਕ ਹੁਣ ਨਤੀਜਾ ਭਾਲਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਆਇਆਂ ਸੱਤ ਮਹੀਨੇ ਬੀਤੇ ਚੁੱਕੇ ਹਨ। ਇਸ ਸਮੇਂ ਦੌਰਾਨ ਜੇਲ੍ਹਾਂ ‘ਚ ਮੋਬਾਈਲ ਤੇ ਨਸ਼ੇ ਦੀ ਵਰਤੋਂ ਸਮੇਤ ਹੋਰ ਗਲਤ ਕੰਮਾਂ ਨੂੰ ਨੱਥ ਨਹੀਂ ਪੈ ਸਕੀ ਹੈ। ਗੈਂਗਸਟਰ ਜੇਲ੍ਹਾਂ ‘ਚ ਬੈਠ ਕੇ ਫਿਰੌਤੀਆਂ ਵਸੂਲ ਰਹੇ ਹਨ। ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ‘ਚ ਕਰਵਾਏ ਗਏ ਸਰਵੇਖਣ ਦੇ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਜੇਲ੍ਹਾਂ ‘ਚ 46 ਫ਼ੀਸਦ ਕੈਦੀ ਨਸ਼ਾ ਕਰਦੇ ਹਨ। ਜੇਲ੍ਹ ‘ਚ ਛਾਪਾ ਮਾਰਨ ਮਗਰੋਂ ਉਨ੍ਹਾਂ ਜੇਲ੍ਹ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਹੈ ਅਤੇ ਕੈਦੀਆਂ ਨਾਲ ਵੀ ਗੱਲਬਾਤ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਜੇਲ੍ਹਾਂ ਨੂੰ ਸੁਧਾਰ ਘਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਕੈਦੀਆਂ ਨੂੰ ਨਸ਼ਾ ਛੱਡਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਇਹ ਕੰਮ ਸਰਕਾਰ ਇਕ ਮਿਸ਼ਨ ਵਜੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ‘ਚ ਸੁਧਾਰਾਂ ਤਹਿਤ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਪਰਿਵਾਰਕ ਮਿਲਣੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚੋਂ ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਮੋਬਾਈਲ ਨੈੱਟਵਰਕ ਜਾਮ ਕਰਨ ਲਈ ਅਤਿ ਆਧੁਨਿਕ ਤਕਨੀਕ ਆਰ.ਐੱਫ. ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਹ ਤਕਨੀਕ ਵਰਤਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਇਸ ਨਾਲ ਜੇਲ੍ਹਾਂ ਵਿੱਚੋਂ ਮੋਬਾਈਲ ਦੀ ਵਰਤੋਂ ਕਰਨ ‘ਤੇ ਰੋਕ ਲੱਗ ਜਾਵੇਗੀ। ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਹਰੇਕ ਜੇਲ੍ਹ ‘ਚ ਬਾਡੀ ਸਕੈਨਰ ਲਾਏ ਜਾਣਗੇ। ਅਤਿ ਸੁਰੱਖਿਅਤ ਜੇਲ੍ਹਾਂ ‘ਚ ਜਿਥੇ ਗੈਂਗਸਟਰ ਬੰਦ ਹਨ, ਦੇ ਹਿੱਸੇ ਉੱਪਰ ਲੋਹੇ ਦੀ ਜਾਲੀ ਲਾਈ ਜਾਵੇਗੀ ਤਾਂ ਜੋ ਮੋਬਾਈਲ ਫੋਨ ਜਾਂ ਹੋਰ ਸਾਮਾਨ ਬਾਹਰੋਂ ਨਾ ਆ ਸਕੇ। ਇਸ ਤੋਂ ਇਲਾਵਾ ਗੈਂਗਸਟਰਾਂ ਦੀ ਰੋਜ਼ ਦੋ ਵਾਰ ਤਲਾਸ਼ੀ ਸ਼ੁਰੂ ਕੀਤੀ ਗਈ ਹੈ। ਤਲਾਸ਼ੀ ਲੈਣ ਵਾਲੀ ਟੀਮ ਨੂੰ ਲਗਾਤਾਰ ਬਦਲਿਆ ਜਾ ਰਿਹਾ ਹੈ। ਜੇਲ੍ਹ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ‘ਚ ਸੁਧਾਰਾਂ ਲਈ ਕੀਤੇ ਜਾ ਰਹੇ ਯਤਨਾਂ ਕਾਰਨ ਹੀ ਹੁਣ ਤਕ ਜੇਲ੍ਹਾਂ ਵਿੱਚੋਂ 3600 ਮੋਬਾਈਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਜੇਲ੍ਹ ਅਮਲੇ ਦੀ ਕਮੀ ਨੂੰ ਪੂਰਾ ਕਰਨ ਲਈ 800 ਜੇਲ੍ਹ ਵਾਰਡਨਾ ਦੀ ਸਿਖਲਾਈ ਚੱਲ ਰਹੀ ਹੈ।